ਸੁਰਜੀਤ ਕੌਰ ਦੀਆਂ ਦੋ ਕਵਿਤਾਵਾਂ : “ ਅਗਲਾ ਮੋੜ ” ਅਤੇ “ ਸ਼ਿਕਸ਼ਤ ਰੰਗ ” ਮੇਰੇ ਦ੍ਰਿਸ਼ਟੀ ਕੋਣ ਤੋਂ
ਅਗਲਾ ਮੋੜ
*
ਮੇਰੀ ਸੋਚ ਦਾ
ਅਗਲੇਰਾ ਯੁਗ ਹੈ
ਇਹ...
ਜਿਥੇ ਮੈਂ ਆਣ ਪਹੁੰਚੀ ਹਾਂ !
ਕਿਸੇ ਊਰਜਾ ਨੇ
ਮੇਰੇ ਦੁਆਰੇ 'ਤੇ
ਇੰਝ ਦਸਤਕ ਦਿਤੀ ਹੈ
ਕਿ ਮੇਰੇ ਵਿਚੋਂ
ਮੈਂ ਗੁਆਚ ਗਈ ਹਾਂ !
ਚਾਨਣ ਦੀ ਕੋਈ ਰਿਸ਼ਮ
ਹਨੇਰੀਆਂ ਗੁਫਾਫਾਂ ਨੂੰ ਚੀਰ
ਮੇਰੇ ਮਸਤਕ
ਇੰਝ ਆਣ ਢੁਕੀ ਹੈ
ਕਿ ਮਨ ਅੰਬਰ ਹੋ ਗਿਐ
ਤੇ ਅੰਤਹਿਕਰਣ ਵਿਚ
ਸ਼ਹਿਨਾਈ ਗੂੰਜ ਉਠੀ ਹੈ !
ਖੇੜਾ ਹੀ ਖੇੜਾ ਹੈ
ਤੇ ਮੇਰੀ ਚੇਤਨਾ
ਚਾਨਣ ਦੀਆਂ ਪੰਜੇਬਾਂ ਪਾ
ਬਰੇਤਿਆਂ 'ਚ ਨੱਚ ਰਹੀ ਹੈ !
***************
“ ਸ਼ਿਕਸ਼ਤ ਰੰਗ ”
*
ਪਾਣੀ ਤੇ ਪਈ ਲੀਕ ਵਾਂਗ
ਆਈ ਹਰ ਸਵੇਰ
ਰੇਤ ਤੇ ਲਿਖੇ ਅੱਖਰਾਂ ਵਰਗੇ
ਹੁੰਦੇ ਰਹੇ ਨੇ ਦਿਨ
ਸ਼ਾਮ ਹੁੰਦਿਆਂ ਹੀ
ਹਨੇਰੇ 'ਚ ਸਿਮਟ ਜਾਂਦੇ ਨੇ ਰੰਗ
ਜ਼ਿੰਦਗੀ ਹਰ ਸਮਾਂ
ਸ਼ਿਕਸਤ-ਰੰਗ ਹੁੰਦੀ ਏ !
ਬੁਝੇ ਹੋਏ ਦੀਵੇ ਦੀ ਤਰ੍ਹਾਂ
ਖੰਡਰਾਂ 'ਚ ਮਲਬੇ ਦੇ ਢੇਰ ਹੇਠਾਂ
ਦੱਬੇ ਰਹੇ ਪੜਾਅ
ਧੋ ਹੋਏ ਨਾ ਸਰਾਪ
ਲੱਖਾਂ ਮੌਸਮ ਬਰਸਾਤ ਦੇ ਵੀ ਆਏ !
ਕੂਲੀ ਰਿਸ਼ਮ ਵਰਗਾ
ਜੋ ਪਲ ਸੀ ਮਿਲਿਆ
ਤਪਦੇ ਸੂਰਜ ਵਾਂਗ
ਮੱਥੇ 'ਚ ਵੱਜਦਾ ਰਿਹੈ
ਸਾਰੀ ਉਮਰ ਜਿਸਦੇ ਤਾਪ ਨਾਲ
ਵਿਹੜਾ ਭੁੱਜਦਾ ਰਿਹੈ !
ਦਿਸ਼ਾ ਬਦਲੇ
ਸਮਾਂ ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮੱਥੇ 'ਚ ਹਰ ਦਮ
ਸੋਚਾਂ ਦਾ ਯੁ੍ਧ ਚੱਲਦਾ ਰਿਹੈ !
ਸੁਣਦੇ ਸੀ
ਪਲਾਂ ਛਿਨਾਂ ਦੀ ਹੈ ਜ਼ਿੰਦਗੀ
ਚੱਲਦੇ ਚੱਲਦੇ ਹੰਭ ਗਈ
ਮਿਲਿਆ ਨਾ ਉਹ ਮੁਕਾਮ
ਸੋਚਾਂ ਨੂੰ ਜਿਥੇ
ਰਾਹਤ ਕਦੇ ਮਿਲਦੀ !!
ਆਪਣੇ ਹੀ ਅੰਦਰ ਕੈਦ ਹਾਂ ਧੁਰ ਤੋਂ
ਇਸ ਕੈਦ ਦੀ ਕੋਈ ਬਾਰੀ
ਬਾਹਰ ਨਹੀਂ ਖੁੱਲਦੀ
ਕੋਈ ਨਵਾਂ ਸੂਰਜ
ਨਵਾਂ ਚਾਨਣ
ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ !
******
ਅਗਲਾ ਮੋੜ :
ਸੁਰਜੀਤ ਜੀ ਦੀ ਇਹ ਕਵਿਤਾ , ਨਿਰੀ ਪੂਰੀ ਕਵਿਤਾ ਹੀ ਨਹੀਂ , ਇਹ ਇਨਸਾਨ ਦੀ ਸੂਖਸ਼ਮ ਅਵਸਥਾ ਦਾ , ਅਧਿਆਤਮਵਾਦ ਦੀ ਯਾਤਰਾ ਦਾ , ਇਸ ਅੰਤਰਮੁਖੀ ਸਾਧਨਾ ਦਾ ___ ਬਾਹਰਮੁਖੀ ਪ੍ਰਕਿਰਤੀ-ਪਦਾਰਥ ਦੇ ਨਾਲ , .....ਇਨਸਾਨ ਦੀ ਆਤਮਾਂ ਦਾ ___ ਬ੍ਰਹਮੰਡ ਦੇ ਨਾਲ ......ਪ੍ਰਮਾਤਮਾਂ ਦੇ ਨਾਲ ......ਸਮੁੰਦਰ ਦੀ ਲਹਿਰ ਦਾ ਵਾਪਸ ਸਮੁੰਦਰ ਦੇ ਨਾਲ .....ਮਿਲਾਪ ਹੋ ਜਾਣ ਵਾਲੇ ਉਸ “ ਮਿਲਣ ਬਿੰਦੂ ” ਦੀ ਕਹਾਣੀ ਹੈ ! ਇਹ ਇਨਸਾਨ ਦੇ ਆਪਣੇ ਅੰਤ੍ਰੀਵ ਦੇ ਅਨੁਭਵ ਦੀ ਕਹਾਣੀ ਹੈ , ਇਸ ਨੂੰ ਕਿਸੇ ਵੀ ਬਾਹਰਮੁਖੀ ਸਰੂਪ ਜਾਂ ਰੂਪ ਰੇਖਾ ਵਿੱਚ ਨਹੀਂ ਵਿਖਾਇਆ ਜਾਂ ਚਿਤਰਿਆ ਜਾ ਸਕਦਾ !
ਇਹ ਨਿਰੀ ਪੂਰੀ ਕਵਿਤਾ ਹੀ ਨਹੀਂ , ਇਹ ਸੁਰਜੀਤ ਜੀ ਦੀ ਆਪਣੀ , ਨਿੱਜੀ ਜ਼ਿੰਦਗੀ ਦੀ , ਜੀਵਨ ਭਰ ਦੀ ਖੋਜ ਦਾ ਨਿਚੋੜ ਵੀ ਹੈ ! ਇਹ ਇਨਸਾਨ ਦੀ ਆਤਮਾਂ ਦਾ ਪਰਮ ਆਤਮਾ , ਪ੍ਰਮੇਸ਼ਰ ਨੂੰ ਮਿਲਣ ਦੀ ਜੋਗ ਕਹਾਣੀ ਵੀ ਹੈ ! ਇੱਕ ਖੋਜ ਦੇ ਯੁਗ ਦੀ ਸਮਾਪਤੀ ਤੋਂ ਬਾਦ , ਇੱਕ ਅਗਲੇਰੇ ਯੁਗ ਦੀ ਸ਼ੁਰੂਆਤ ਦੀ ਕਹਾਣੀ ਹੈ !
*
“ ਮੇਰੀ ਸੋਚ ਦਾ
ਅਗਲੇਰਾ ਯੁਗ ਹੈ
ਇਹ .....
ਜਿੱਥੇ ਮੈਂ ਆਂ ਪਹੁੰਚੀ ਹਾਂ ....!”
*
ਗਿਆਂਨ ਦੀ , ਇੱਕ ਸੋਚ ਸਾਧਨਾ ਦੀ , ਇਹ ਯੁਗਾਂ ਲੰਬੀ ਯਾਤਰਾ ਤੋਂ ਬਾਦ , ਉਸ ਸ਼ਕਤੀ , ਉਸ ਉਰਜਾ ਦੇ ਰੂ –ਬਰੂ ਹੋ ਪਾਉਣਾ , ਜਿਥੋਂ ਇਨਸਾਨ ਵਿੱਚੋਂ , “ ਮੈਂ ” ਦਾ ਮਨਫੀ ਹੋ ਜਾਣਾ ਹੁੰਦਾ ਹੈ ! ਇਹ ਇਤਿਹਾਸਕ ਘੜੀ , ਸਮੇਂ ਦਾ ਅਜੇਹਾ , “ਮਿਲਣ ਬਿੰਦੂ ” .ਹੋ ਪਾਉਂਦਾ ਹੈ ਜਿੱਥੇ ...ਇਸ “ ਮੈਂ- ਮੁਕਤ- ਆਤਮਾਂ ਦਾ ਪ੍ਰਮਾਤਮਾਂ ਵਿੱਚ ਸਮਾਉਣ ਵਾਲੀ ਘੜੀ ਦਾ ਸੁਮੇਲ ਹੁੰਦਾ ਹੈ , ਰੂਹ ਦਾ ਦਸਵੇਂ ਦੁਆਰ ਵਿੱਚ ਪ੍ਰਵੇਸ਼ ਹੋਣਾ ਵੀ ਅਖਵਾਉਂਦਾ ਹੈ ! ਆਤਮਾਂ ਨੂੰ ਪ੍ਰਮਾਤਮਾਂ ਦੇ ਨਾਲ ਇਸ ਪ੍ਰਵੇਸ਼ ਘੜੀ ਵਾਲੇ ਮਿਲਣ ਦਾ ਜ਼ਿਕਰ , ਸੁਰਜੀਤ ਜੀ ਦੀ ਕਵਿਤਾ ਦੀਆਂ ਅਗਲੀਆਂ ਪੰਗਤੀਆਂ ਇਸ ਤ੍ਰਾਂਹ ਕਲਮ ਬੰਦ ਕਰਦੀਆਂ ਹਨ :
*
“ ਚਾਨਣ ਦੀ ਕੋਈ ਰਿਸ਼ਮ
ਹਨੇਰੀਆਂ ਗੁਫਾਫਾਂ ਨੂੰ ਚੀਰ
ਮੇਰੇ ਮਸਤਕ
ਇੰਝ ਆਣ ਢੁਕੀ ਹੈ
ਕਿ ਮਨ ਅੰਬਰ ਹੋ ਗਿਐ
ਤੇ ਅੰਤਹਿਕਰਣ ਵਿਚ
ਸ਼ਹਿਨਾਈ ਗੂੰਜ ਉਠੀ ਹੈ !
ਖੇੜਾ ਹੀ ਖੇੜਾ ਹੈ
ਤੇ ਮੇਰੀ ਚੇਤਨਾ
ਚਾਨਣ ਦੀਆਂ ਪੰਜੇਬਾਂ ਪਾ
ਬਰੇਤਿਆਂ 'ਚ ਨੱਚ ਰਹੀ ਹੈ ! ”
*
ਮੈਨੂੰ ਇਂਝ ਲਗਦਾ ਹੈ , ਜਿਵੇਂ ਇੱਥੇ ਸੁਰਜੀਤ ਜੀ ਇਹ ਕਹਿ ਰਹੇ ਹੋਣ ਕਿ , “ ਇਹ ਛਿਣ ਜਿੱਥੇ ਮੈਂ ਆਂਣ ਪਹੁੰਚੀ ਹਾਂ ਇਹ ਮੇਰੀ ਸੋਚ ਦਾ ਅਗਲੇਰਾ ਯੁਗ ਹੈ ਜਿੱਥੋਂ , ਰੂਹ ਦਸਵੇਂ ਦੁਆਰ ਵਿੱਚ ਪ੍ਰਵੇਸ਼ ਕਰਕੇ ਆਪਣੇ ਅੰਦਰ ਦੀ ਕੈਦ ਤੋਂ ਸੁਤੰਤਰਤਾ ਪਾਉਂਦੀ ਹੈ ! ”
ਇਸ ਮਕਾਮ ਉੱਪਰ ਪਹੁੰਚ ਕੇ ਇਹ ਕਵਿਤਾ , ਸੁਰਜੀਤ ਜੀ ਦੀ ਰਚਿਤ ਇੱਕ ਹੋਰ ਕਵਿਤਾ , “ ਸ਼ਿਕਸ਼ਤ ਰੰਗ ” ਦੇ ਨਾਲ ਮਿਲਾਪ ਕਰਦੀ ਹੈ ! ਇੱਕ ਸੰਵਾਦ ਰਚਾਉਂਦੀ ਹੈ ! ਇਸ ਰਚੇ ਸੰਵਾਦ ਵਿੱਚ , ਇਹ ਹਥਲੀ ਕਵਿਤਾ , ਉਸ ਦੂਸਰੀ ਕਵਿਤਾ , “ ਸ਼ਿਕਸ਼ਤ ਰੰਗ ” ਵਲੋਂ ਉਠਾਏ ਗਏ ਇੱਕ ਸਵਾਲ ਦਾ ਜਵਾਬ ਦਿੰਦੀ ਹੈ !
“ ਆਪਣੇ ਹੀ ਅੰਦਰ ਕੈਦ ਹਾਂ ਧੁਰ ਤੋਂ
ਇਸ ਕੈਦ ਦੀ ਕੋਈ ਬਾਰੀ
ਬਾਹਰ ਨਹੀਂ ਖੁੱਲਦੀ
ਕੋਈ ਨਵਾਂ ਸੂਰਜ
ਨਵਾਂ ਚਾਨਣ
ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ ! ”
****
ਇੱਥੇ ਜਾਂਦਾ ਜਾਂਦਾ ਮੈਂ ਇਹ ਵੀ ਦੱਸ ਦੇਵਾਂ ਕਿ ਇਹ ਹਥਲੀ ਕਵਿਤਾ , ਸੁਰਜੀਤ ਜੀ ਦੇ ਰਚੇ ਇੱਕ ਬਹੁਤ ਉੱਤਮ ਕਾਵ ਸੰਗ੍ਰਿਹ , “ ਹੈ ਸਖੀ ” ਦੀ ਅਖੀਰਲੀ ਕਵਿਤਾ ਪ੍ਰੰਤੂ ਅੰਤਿਕਾ ਤੋਂ ਪਹਿਲੀ ਕਵਿਤਾ ਵੀ ਹੈ !
“ ਆਪਣੇ ” ਤੋਂ ਸ਼ੁਰੂ ਹੋਕੇ ਆਪਣੇ ਤਕ ਪਹੁੰਚਣ ਦਾ ਸਫ਼ਰ. ! ਕਾਇਨਾਤ ਨੂੰ ਪਹਚਾਨ ਕੇ ਉਸ ਵਿਚ ਲੀਨ ਹੋ ਜਾਣ ਦਾ ਸਫ਼ਰ ! ਧਰਤੀ ਅਤੇ ਅਸਮਾਨ ਦੇ ਦੂਰ ਪਾਰ “ ਦੂਮੇਲ ” ਤਕ ਜਾਂਦਾ ਨੰਗੇ ਪੈਰੀਂ ਤੁਰ ਕੇ ਜਾਣ ਦਾ ਸਫ਼ਰ ! ਆਪਣੇ “ ਖੁਦ-ਕਤਰੇ ” ਨੂੰ ਕਾਇਨਾਤ ਦੇ ਕੱਦ ਜਿੰਨਾਂ ਉੱਚਾ ਕਰ ਲੈਣ ਦੀ ਵਿਧੀ ਨੂੰ ਖੋਜਣ - ਲਭਣ ਦਾ ਸਫ਼ਰ ! “ ਆਪ ” ਨੂੰ “ ਆਪਣੇ ” ਨਾਲ ਮਿਲਣ ਦੀ ਉਡੀਕ ਦਾ ਸਫ਼ਰ ! ਤੂੰ ਮਿਲੀਂ ਜਰੂਰ ਮੈਂ ਤੈਨੂੰ ਲਭ ਰਹੀ ਹਾਂ !
ਜਿਸ ਕਿਸੇ ਨੂੰ ਵੀ ਭੁਖ ਹੈ ਆਪਣੇ “ ਉਸ ਨੂੰ ” ਮਿਲਣ ਦੀ , ਆਪਣੇ ਸਵਾਲਾਂ ਦੀ ਉਚਾਈ ਨੂੰ ਹੋਰ ਉਤਲੇ ਉਤਾਲ ਤੀਕਰ ਲੈ ਜਾਣ ਦੀ, ਮੈਂ ਸਫਾਰਸ਼ ਕਰਦਾ ਹਾਂ ਕਿ ਉਹ ਸੁਰਜੀਤ ਜੀ ਦੀ ਲਿਖਤ ਪੂਰੀ ਦੀ ਪੂਰੀ ਕਿਤਾਬ –ਹੇ ਸਖੀ –ਜਰੂਰ ਪੜ੍ਹਨ ! ਇਸਦੇ ਜਿਸ ਪੰਨੇ ਨੂੰ ਵੀ ਖੋਲ ਲਓ - ਇਕ ਇਕ ਪੰਨਾ ਆਪਣੇ ਆਪ ਵਿਚ ਇਕ ਲੰਬੀ ਕਿਤਾਬ ਹੈ !
ਜਸਮੇਰ ਸਿੰਘ ਲਾਲ
05/02/2013