ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Tuesday, June 24, 2014

ਆਰਸੀ ਇਕ ਆਧੁਨਿਕ ਸ਼ਹਿਰ ਦੀ

ਉੱਚੀਆਂ ਇਮਾਰਤਾਂ ਵਾਲਾ 
ਜਗਮਗ ਕਰਦਾ  
ਖੂਬਸੂਰਤ ਇਹ ਸ਼ਹਿਰ
ਸਮੁੰਦਰ ਕੰਢੇ ਖੜਾ
ਪਹਿਰੇਦਾਰ !

ਇਸ ਸ਼ਹਿਰ ਦੀ 
ਰਾਤ ਵੀ ਜਾਗਦੀ ਹੈ 
ਤੇ ਦਿਨ ਵੀ !

ਆਸਮਾਨ ਇਸਦਾ
ਤਾਰਿਆਂ ਵਿਹੂਣਾ-
ਸੌੜਾ ਸੌੜਾ !
ਇਸ ਸ਼ਹਿਰ ਦੀ 
ਧਰਤੀ ਦਾ ਵਿਹੜਾ
ਭੀੜਾ ਭੀੜਾ!

ਇਸ ਸ਼ਹਿਰ ਦੇ ਹਰ ਚੌਂਕ ਤੇ
ਲਾਲ ਬੱਤੀ 
ਰੋਕਦੀ ਹੈ
ਅੱਗੇ ਵਧਣ ਤੋਂ ਤੁਹਾਨੂੰ;
ਜੇ ਇਸ ਤੋਂ ਅੱਗੇ ਵਧੇ ਤਾਂ 
ਗੁਆਚ ਜਾਉਗੇ!
ਜੇ ਇਸ ਤੋਂ ਅੱਗੇ ਵਧੇ ਤਾਂ
ਤੁਹਾਡੇ ਕਦ ਛਾਂਗ ਦਿਤੇ ਜਾਣਗੇ!

ਜਦੋਂ ਇਸ ਸ਼ਹਿਰ ਤੋਂ ਪਰਤੋਗੇ,
ਤੁਹਾਡੀ ਹਸਤੀ
ਬੌਣੀ ਹੋ ਗਈ ਹੋਵੇਗੀ 
ਤੇ ਉਡਾਣ ਛੋਟੀ !

ਦੇਖੋ !
ਇਸ ਸ਼ਹਿਰ ਦੀਆਂ 
ਉੱਚੀਆਂ ਇਮਾਰਤਾਂ ਦੀਆਂ ਬਾਰੀਆਂ ਦੇ
ਸ਼ੀਸ਼ਿਆਂ 'ਤੇ
ਪੱਥਰ ਹੋ ਗਏ ਮਨਾਂ ਦੇ
ਸੇਕ ਨਾਲ ਕਿਵੇਂ
ਕੋਹਰਾ ਜੰਮ ਗਿਐ !
ਇਸ ਲਈ ਨਾ ਸ਼ੀਸ਼ਿਆਂ ਦੇ
ਆਰ-ਪਾਰ ਕੁਝ ਦਿਸਦੈ
ਨਾ ਮਨਾਂ ਦੇ !

ਇਥੇ ਅਜੀਬ ਹਾਦਸੇ ਹੁੰਦੇ ਨੇ
ਰੋਜ਼ ਮੁਹੱਬਤ ਮਰਦੀ ਹੈ
ਰੋਜ਼ ਵਫ਼ਾ ਦਫ਼ਨ ਹੁੰਦੀ ਹੈ
ਪਰ ਇੱਥੇ
ਲੋਕ ਰੋਂਦੇ ਨਹੀਂ
ਇਕ ਅਜੀਬ ਸੰਤਾਪ ਹੰਢਾਉਂਦੇ ਨੇ !

ਅਜੀਬ ਤਰ੍ਹਾਂ ਦੀ
ਇਕ ਹਲਚਲ ਹੈ ਇਥੇ
ਹਰ ਪਾਸੇ ਸੜਕਾਂ ਤੇ
ਨਕਾਬਪੋਸ਼ਾਂ ਦੀ ਭਰਮਾਰ ਹੈ ਇੱਥੇ
ਜੋ ਉੱਚੀਆਂ ਅੱਡੀਆਂ ਤੇ
ਦਿਸ਼ਾਹੀਣ 
ਇਕ ਚੌਰਾਹੇ ਤੋਂ
ਦੂਜੇ ਚੌਰਾਹੇ ਤੱਕ ਭਾਉਂਦੇ ਰਹਿੰਦੇ
ਫ਼ਿੱਕਾ ਫਿੱਕਾ ਹੱਸਦੇ
ਝੂਠੀ ਮੂਠੀ ਗਾਉਂਦੇ!

ਜੇ ਹੋਰ ਅੱਗੇ ਵਧੇ ਤਾਂ
ਇਨ੍ਹਾਂ ਵਿਚ ਰਲ ਜਾਉਗੇ
ਅਣਿਆਈ ਮੌਤ ਮਰ ਜਾਉਗੇ !

ਇਸ ਸ਼ਹਿਰ ਵਿਚ
ਇਕ ਸ਼ਾਇਰ ਵੀ ਰਹਿੰਦੈ-
ਜੋ ਉੱਚੀ ਉੱਚੀ ਹੱਸਦੈ
ਤੇ ਕਦੇ ਕਦੇ
ਸਮੁੰਦਰ ਕੰਢੇ ਬਹਿ
ਮਾਸੂਮ ਜਿੰਦਗੀਆਂ ਦੀਆਂ
ਮੌਤ ਤੇ ਵੈਣ ਪਾਉਂਦੈ
ਇਕ ਗੀਤ ਗਾਉਂਦੈ-
ਇਸ ਸ਼ਹਿਰ ਦਾ ਰੁੱਸ ਗਿਐ ਰੱਬ ਵੇ ਲੋਕਾ!
ਇਸ ਸ਼ਹਿਰ 'ਚ ਜੀਣ ਦਾ ਨਹੀਂ ਹੱਜ ਵੇ ਲੋਕਾ !
ਇੱਥੇ ਬੰਦਾ ਵਸਤੂ ਹੋ ਗਿਐ
ਤੇ  ਵਸਤੂ ਹੋ ਗਈ ਪ੍ਰਾਲਬਧ ਵੇ ਲੋਕਾ !

ਆਪਣੀ ਪੁਸਤਕ 'ਸ਼ਿਕਸਤ ਰੰਗ' ਵਿਚੋਂ




Thursday, April 24, 2014

ਸ਼ਹਿਰ ਤੇਰੇ ਤੋਂ

ਸ਼ਹਿਰ ਤੇਰੇ ਤੋਂ ਮੈਨੂੰ ਕਿਹੀ ਸਦਾ ਆਈ ਐ,
ਬਿਨ ਬੁਲਾਏ ਜਿਵੇਂ ਕੋਈ ਬਲਾ ਆਈ ਐ

ਤੇਰੇ ਬਿਨ ਤੇਰੇ ਸ਼ਹਿਰ ਦਸ ਮੈਂ ਕੀ ਕਰਨੈ  
ਲਗਦੈ ਮੇਰੇ ਲਈ ਇਹ ਕੋਈ ਸਜ਼ਾ ਆਈ ਹੈ

ਇਹਨਾਂ ਖਾਰੇ ਸਾਗਰਾਂ ਦਾ ਮੈਂ ਕੀ ਕਰਾਂਗੀ  
ਰੋਂਦੇ ਪਰਿੰਦਿਆਂ ਨੂੰ ਭਲਾ ਕਿੰਝ ਜਰਾਂਗੀ

ਰੁੱਤ ਵੀਰਾਨ 'ਚੋਂ ਤੇਰੇ ਸੁਖਨ ਕਿੰਝ ਫੜਾਂਗੀ
ਤੇਰੇ ਸ਼ਹਿਰੋਂ ਕਿਹੀ ਰੋਗੀ ਹਵਾ ਆਈ ਹੈ 

ਸ਼ਹਿਰ ਤੇਰੇ ਦੇ ਰੁੱਖ ਖਾਮੋਸ਼ ਖੜੇ ਹੋਣਗੇ 
ਪੱਤ ਪੀਲੇ ਤੇ ਫੁੱਲ ਜ਼ਾਰ ਜ਼ਾਰ ਰੋਂਣਗੇ 

ਵਾਟਾਂ 'ਚ ਹੁਣ ਕੌਣ ਗੀਤ ਗਾਉਂਦਾ ਹੋਣੈ  
ਜੰਗਲ ‘ਚੋਂ ਕਿਹੀ ਸੋਗੀ ਹਵਾ ਆਈ ਹੈ

ਤੇਰੇ ਬਿਨ ਤੇਰੇ ਸ਼ਹਿਰ ਦਸ ਮੈਂ ਕੀ ਕਰਨੈ
ਲਗਦੈ ਮੇਰੇ ਲਈ ਇਹ ਕੋਈ ਸਜ਼ਾ ਆਈ ਹੈ

Monday, March 31, 2014

ਐਲਿਸ ਵਾਕਰ - ਅਨੁਵਾਦ ਸੁਰਜੀਤ

ਮੈਂ ਕਵਿਤਾ ਨੂੰ ਕਿਹਾ


ਮੈਂ ਕਵਿਤਾ ਨੂੰ ਕਿਹਾ: ‘ਹੁਣ ਤੇਰੀ ਮੇਰੀ ਬਸ।”

ਜਦ ਕੋਈ ਅਵੱਲੀ ਜਿਹੀ ਚੰਗਿਆੜੀ

ਰੀਂਗਦੀ ਹੋਈ ਤੁਹਾਡੇ ਵਿਚੀਂ ਲੰਘਦੀ ਹੈ

ਤਕਰੀਬਨ ਮਰਨ ਵਰਗੀ ਹਾਲਤ ਹੋ ਜਾਂਦੀ ਏ

ਕੋਈ ਮਜਾਕ ਨਹੀਂ ਹੁੰਦਾ !


‘ਬਸ, ਤੇਰੀ ਬੜੀ ਮਿਹਰਬਾਨੀ, ਐ ਸਿਰਜਣਾ,

ਮੈਨੂੰ ਹੋਰ ਕਾਵਿਕਤਾ ਨਹੀਂ ਚਾਹੀਦੀ ।

ਮੈਂ ਖੁਸ਼ੀ ਦੀ ਭਾਲ ਵਿਚ ਹਾਂ -

ਘੱਟੋ ਘਟੱ      

ਕੁਝ ਤਾਂ ਪੀੜ-ਰਹਿਤ ਮਿਲੇ !’


ਕਵਿਤਾ ਪਿਛਾਂਹ ਹਟ ਗਈ

ਅਤੇ ਅੱਜ ਸਵੇਰ ਤਕ

ਮੁਰਦਾ ਹੋਣ ਦਾ ਨਾਟਕ ਕਰਦੀ ਰਹੀ ।

ਮੈਂ ਬਿਲਕੁਲ ਉਦਾਸ ਨਹੀਂ ਸਾਂ,

ਬਸ ਥੋੜੀ ਬੇਆਰਾਮ ਜਿਹੀ ਸਾਂ ।


ਕਿ ਕਵਿਤਾ ਨੇ ਕਿਹਾ: ‘ਯਾਦ ਹੈ ਤੈਨੂੰ

ਉਹ ਰੇਗਿਸਥਾਨ, ਕਿੰਨੀ ਖੁਸ਼ ਸੀ ਤੂੰ

ਕਿ ਤੇਰੇ ਕੋਲ ਇਸ ਨੂੰ ਵੇਖਣ ਵਾਲੀ 

ਅੱਖ ਸੀ ? ਯਾਦ ਹੈ ਤੈਨੂੰ

ਜੇ ਕਿਤੇ ਜਰਾ ਜਿੰਨਾ ਵੀ ਹੋਵੇ ?’

ਮੈਂ ਕਿਹਾ ਸੀ: ‘ਮੈਨੂੰ ਕੁਛ ਨਹੀਂ ਸੁਣਿਆ ।”

ਤੇ ਉਤੋਂ ਅਜੇ ਸਵੇਰ ਦੇ ਪੰਜ ਹੀ ਵੱਜੇ ਨੇ ।

ਮੂੰਹ ਹਨੇਰੇ

ਅਜੇ ਨਹੀਂ ਮੈਂ ਉੱਠਣਾ

ਤੇਰੇ ਨਾਲ ਗੱਲਾਂ ਕਰਨ ਲਈ ।’


ਕਵਿਤਾ ਨੇ ਕਿਹਾ: ‘ਪਰ ਉਹ ਵੇਲਾ ਯਾਦ ਕਰ

ਜਦੋਂ ਤੂੰ ਉਸ ਛੋਟੀ ਜਿਹੀ ਖਾਈ  ‘ਤੇ

ਚੰਨ ਚੜ੍ਹਿਆ ਵੇਖਿਆ ਸੀ

ਤੇ ਤੈਨੂੰ ਉਹ ਖਾਈ ਕਿੰਨੀ ਸੁੰਦਰ ਲਗੀ ਸੀ

ਗਰੈਂਡ ਕੈਨੀਅਨ ਤੋਂ ਵੱਧ ਸੁੰਦਰ – ਤੂੰ ਕਿੰਨੀ ਹੈਰਾਨ ਹੋ ਗਈ ਸੀ ਉਦੋਂ

ਤੈਨੂੰ ਚੰਨ-ਚਾਨਣੀ ਹਰੀ ਹਰੀ ਜਾਪੀ ਸੀ  

ਅਤੇ ਤੇਰੇ ਕੋਲ ਉਦੋਂ ਤਕ

ਉਸਨੂੰ ਵੇਖਣ ਵਾਲੀ

ਉਹ ਅੱਖ ਹੈ ਸੀ ।

ਉਹਦੇ ਬਾਰੇ ਸੋਚ!’


ਮੈਂ ਕਿਹਾ,

‘ਮੈਂ ਹੁਣ ਚਰਚ ਜਾਇਆ ਕਰਾਂਗੀ !’

ਖਿਝਦਿਆਂ, ਕੰਧ ਵਲ ਮੂੰਹ ਫੇਰਕੇ ਮੈਂ ਆਖਿਆ।

‘ਮੈਂ ਫੇਰ ਪੂਜਾ-ਪਾਠ ਕਰਨਾ ਸਿੱਖ ਲਵਾਂਗੀ !’


‘ਤੈਨੂੰ ਕੁਛ ਪੁੱਛਾਂ,’ ਕਵਿਤਾ ਨੇ ਕਿਹਾ।

ਜਦੋਂ ਤੂੰ ਅਰਦਾਸ ਕਰੇਂਗੀ, ਤੇਰਾ ਕੀ ਖਿਆਲ ਹੈ  

ਤੂੰ ਕੀ ਵੇਖ ਲਵੇਂਗੀ ?”


ਕਵਿਤਾ ਨੇ ਮੈਨੂੰ ਜਿੱਤ ਲਿਆ ।

‘ਇਸ ਕਮਰੇ ਵਿਚ

ਕਾਗਜ਼ ਹੀ ਨਹੀਂ,’  ਮੈਂ ਕਿਹਾ।

‘ਤੇ ਉਹ ਜਿਹੜਾ ਨਵਾਂ ਪੈੱਨ ਵੀ ਮੈਂ ਖਰੀਦਿਆ ਸੀ

ਬੜਾ ਚੀਕਦਾ ਹੈ’।



‘ਬੇਕਾਰ ਔਰਤ,’ ਕਵਿਤਾ ਨੇ ਕਿਹਾ।

‘ਬੇਕਾਰ ਤੂੰ’ ਮੈਂ ਕਿਹਾ ।

Sunday, October 20, 2013

ਆਪਣੇ ਰੂ-ਬ-ਰੂ

ਆਪਣੇ ਘਰ ਅੰਦਰ 
ਉੱਸਰ ਰਹੀਆਂ ਕੰਧਾਂ ਨੂੰ  ਵੇਖ
ਕੰਧਾਂ ਤੇ ਉਕਰੇ
ਨਫ਼ਰਤ ਦੇ ਦੰਦਾਂ ਨੂੰ ਵੇਖ 
ਆਪਸ ਵਿਚ ਉਲਝ ਗਏ
ਰਿਸ਼ਤਿਆਂ ਦੀਆਂ ਤੰਦਾਂ ਨੂੰ ਵੇਖ
ਅੰਦਰੋ ਅੰਦਰੀਂ ਉਬਲ ਰਹੇ
ਭਾਵਾਂ ਦੇ ਜੰਗਾਂ ਨੂੰ ਵੇਖ !

ਸਮਾਂ ਹੈ ਤੇ ਬਹਿ ਕੇ ਧੁੰਦ 'ਚ ਸਜੀ
ਆਪਣੀ ਬੈਠਕ ਦੀ ਸਜਾਵਟ ਨੂੰ ਵੇਖ
ਖਾਮੋਸ਼ ਪਏ 
ਪੱਥਰ ਦੇ ਬੁੱਤਾਂ ਦੀ ਬਨਾਵਟ ਨੂੰ ਵੇਖ
ਘੋੜਿਆਂ ਵਾਂਗ ਸਰਪਟ ਦੌੜ ਰਹੇ
ਸਾਹਾਂ ਦੀ ਘਬਰਾਹਟ ਨੂੰ ਵੇਖ
ਆਪਣੇ ਹੀ ਬੂਹੇ ਅੱਗਿਓਂ
ਲੰਘ ਜਾਨੈ ਓਪਰਿਆਂ ਵਾਂਗ
ਕਦੇ ਅੰਦਰ ਆਕੇ 
ਬਲ ਰਹੇ ਵਲਵਲਿਆਂ ਦੀ
ਤਰਾਵਟ ਨੂੰ ਵੇਖ !

ਜਲ ਉੱਠਣ ਬੁਝ ਗਏ ਸ਼ਮਾਦਾਨ
ਕੋਈ ਚਿਣਗ ਉਧਾਰੀ ਹੀ ਲੈ ਆ
ਕਿ ਸੜਦੇ ਰਹਿਣਾ ਨਹੀਂ ਹੈ ਜ਼ਿੰਦਗੀ
ਮੁਸਕਣੀਆਂ ਦੇ ਕੁਛ ਦੀਪ ਜਲਾ ਕੇ
ਆਪਣੇ ਘਰ ਦੀ ਜਗਮਗਾਹਟ ਤਾਂ ਵੇਖ !

ਸਮਾਂ ਹੈ ਤੇ ਬਹਿ ਕੇ ਧੁੰਦ 'ਚ ਸਜੀ
ਆਪਣੀ ਬੈਠਕ ਦੀ ਸਜਾਵਟ ਨੂੰ ਵੇਖ !

ਸ਼ਿਕਸਤ ਰੰਗ ਵਿਚੋਂ

Tuesday, October 15, 2013

ਇਕ ਮੁਠ ਮਿੱਟੀ


ਮਨ ਉਖੜਿਆ ਹੋਇਆ ਹੈ...
ਪ੍ਰਸ਼ਾਂਤ ਮਹਾਂਸਾਗਰ ਦੀ ਖਾੜੀ ਦੇ ਕੰਢੇ ਕੰਢੇ ਤੁਰ ਰਹੀ ਹਾਂ...
ਬੇਅ ਏਰੀਏ (ਸਾਂਨਫਰਾਂਸਸਿਕੋ) ਦੀ ਠੰਡੀ ਹਵਾ ਵਗ ਰਹੀ ਹੈ...
ਪਰ ਮੈਨੂੰ ਠੰਡ ਨਹੀਂ ਲਗ ਰਹੀ...
ਬਹੁਤ ਸਾਰੇ ਲੋਕ ਸਮੁੰਦਰ ਕੰਢੇ ਸੈਰ ਕਰ ਰਹੇ ਹਨ- ਹਸਦੇ ਖੇਲਦੇ...
ਮੈਂ ਗੁੰਮਸੁੰਮ ਆਪਣੇ ਵਿਚ ਖੋਈ ਤੁਰੀ ਜਾ ਰਹੀ ਹਾਂ...
ਅਚਾਨਕ ਸਮੁੰਦਰ ਦੀਆਂ ਲਹਿਰਾਂ ਵਲ ਮੇਰਾ ਧਿਆਨ ਜਾਂਦਾ ਹੈ...
ਮੈਨੂੰ ਲਗਦੈ ਇਹ ਮੇਰੇ ਵਲ ਭੱਜੀਆਂ ਆ ਰਹੀਆਂ ਹਨ...
ਇਹ ਮੇਰੇ ਲਈ ਕੋਈ ਸੁਨੇਹਾ ਲਿਆ ਰਹੀਆਂ ਹਨ...
ਕੀ ਕਹਿੰਦੀਆਂ ਹੋਣਗੀਆਂ ਇਹ? ਇਹੀ ਕਿ ਦਿਸਦੇ ਦੇ ਹੇਠਾਂ ਕੁਛ ਅਣਦਿਸਦਾ ਵੀ ਹੈ, ਸਾਡੇ ਤੇ ਸਵਾਰ ਹੋ- ਤੈਨੂੰ ਉਥੇ ਲੈ ਚੱਲੀਏ...
ਕਿੱਥੇ ਲਿਜਾਉਗੀਆਂ ? ਮੈਂ ਪੁੱਛਿਆ...
ਸਮੁੰਦਰ ਕੰਢੇ ਪੱਥਰਾਂ ਤੇ ਬੈਠ ਜਾਂਦੀ ਹਾਂ...
ਲਹਿਰਾਂ ਨੂੰ ਟਿਕਟਿਕੀ ਲਗਾ ਕੇ ਵੇਖਦੀ ਹਾਂ...
ਮੈਂ ਕੰਬ ਜਾਂਦੀ ਹਾਂ..
ਉਫ ! ਇਹ ਲਹਿਰਾਂ ਤਾਂ ਮੇਰੇ ਪੈਰਾਂ ਹੇਠ ਪਏ ਪੱਥਰਾਂ ਨਾਲ ਟਕਰਾ ਟਕਰਾ ਕੇ ਮਰ ਰਹੀਆਂ ਨੇ...
ਮੈਂ ਸੁੰਨ ਹੋ ਜਾਂਦੀ ਹਾਂ...
ਮੈਨੂੰ ਜਾਪਦੈ ਮੇਰੀ ਕਾਇਆ ਹੌਲੀ ਹੌਲੀ ਪਿਘਲ ਰਹੀ ਹੈ...
ਮੈਂ ਪੱਥਰਾਂ ਨਾਲ ਪੱਥਰ ਹੋ ਗਈ ਹਾਂ...
ਮੇਰੇ ਸਾਹ ਠੰਡੀ ਹਵਾ 'ਚ ਰਲ ਗਏ ਨੇ...
ਮੇਰਾ ਲਹੂ ਪਾਣੀ 'ਚ ਘੁਲ ਸਮੁੰਦਰ ਵਿਚ ਫੈਲ ਗਿਆ ਹੈ...
ਮੇਰੀ ਕੋਈ ਹੋਂਦ ਨਹੀਂ...
ਕੀ ਇਹੀ ਸੱਚ ਨਹੀਂ? ਕੀ ਹਸਤੀ ਹੈ ਸਾਡੀ? ਇਥੇ ਸਾਡਾ ਹੈ ਕੀ ?
ਮੇਰੇ ਅੰਦਰੋਂ ਸਵਾਲ ਉਠਦੇ ਹਨ, ਜੇ ਇਹ ਸੱਚ ਹੈ ਤਾਂ ਮੈਂ ਪਾਗਲਾਂ ਵਾਂਗ ਭੱਜੀ ਕਿਉਂ ਫਿਰਦੀ ਹਾਂ...
ਕਿਹੜੇ ਕੰਮਾਂ ਤੋਂ ਮੈਨੂੰ ਵਿਹਲ ਨਹੀਂ ਮਿਲਦੀ ? ਮੈਂ ਠਹਿਰ ਕਿਉਂ ਨਹੀਂ ਜਾਂਦੀ? ਹਰ ਪਲ ਜੀਵਨ ਬਿਨਸ ਰਿਹੈ...
ਸਾਹਮਣੇ ਵੱਡਾ ਸਾਰਾ ਪਰਬਤ ਹੈ...
ਪਾਣੀ ਪਰਬਤ ਨੂੰ ਲਗਾਤਾਰ ਖੋਰ ਰਿਹੈ...
ਮਿੱਟੀ ਨੂੰ ਹਵਾ ਉਡਾ ਰਹੀ ਹੈ...
ਚੱਟਾਣਾਂ ਹੌਲੀ ਹੌਲੀ ਪੱਥਰ ਬਣ ਰਹੀਆਂ ਹਨ...
ਪੱਥਰ ਹੌਲੀ ਹੌਲੀ ਰੇਤ ਬਣ ਰਹੇ ਨੇ...
ਮਿੱਟੀ ਵਿਚੋਂ ਬਨਸਪਤੀ ਦਾ ਜਨਮ ਹੁੰਦੈ...
ਬਨਸਪਤੀ ਤੇ ਮਨੁੱਖ ਨਿਰਭਰ ਕਰਦਾ ਹੈ...
ਕੁਛ ਵਰ੍ਹੇ ਜੀਵਨ ਹੰਢਾਉਂਦਾ ਹੈ...
ਫਿਰ ਮਿੱਟੀ ਬਣ ਜਾਂਦੈ...
ਮਿੱਟੀ+ਮਨੁਖ=ਮਿੱਟੀ !!
ਹਰ ਸ਼ੈਅ ਮਿਟੀ 'ਚੋਂ ਜੰਮਦੀ, ਮਿੱਟੀ 'ਚ ਮਿਲ ਜਾਂਦੀ ਹੈ...
ਕਿਹਾ ਸੋਹਣਾ ਕਿਹਾ ਸੀ ਫਰੀਦ ਜੀ ਨੇ- 'ਜੀਉਂਦਿਆਂ ਪੈਰਾਂ ਥੱਲੇ, ਮੋਇਆਂ ਉਪਰ ਹੋਏ ! ਇਸ ਮਿੱਟੀ ਦੀ ਕਾਇਆ ਦਾ ਕੀ ਮਾਣ ਕਰਾਂ !
ਸਮੁੰਦਰ ਕੰਢੇ ਬੈਠੀ-ਮੈਂ ਇਕ ਮੁਠ ਮਿੱਟੀ !

Friday, August 23, 2013

ਸੁਰੰਗ ਅੰਦਰ

ਲੰਮੀ ਸੁਰੰਗ ਹੈ।।।
ਉਸਦੇ ਅੰਦਰ ਤੁਰੀ ਜਾ ਰਹੀ ਹਾਂ -
ਘੁੱਪ ਹਨੇਰੇ 'ਚੋਂ
ਘੋਰ ਸੱਨਾਟੇ 'ਚੋਂ  ਲੰਘਦੀ 
ਵੱਧ ਰਹੀ ਹਾਂ ਅੱਗੇ 
ਹੋਰ ਅੱਗੇ... 

ਦੂਰ  ਕਿਤੇ... 
ਚਾਨਣ ਦਾ ਨਿੱਕਾ ਜਿਹਾ ਬਿੰਦੂ ਉਭੱਰਦਾ ਹੈ
ਭੱਜਦੀ ਹਾਂ ਉਸ ਵਲ਼...

ਉਤੱਰ ਜਾਂਦੀ ਹਾਂ  
ਉਸ ਸੁਰੰਗ 'ਚ ਡੂੰਘੀ 
ਹੋਰ ਡੂੰਘੀ...

ਕਾਇਆ ਰਹਿਤ  
ਸਾਹਾਂ ਦੀ ਲੱਜ ਫੜੀ 
ਚੇਤਨਾ ਸੰਗ ਤੁਰਦੀ  
ਵੱਧ ਰਹੀ ਹਾਂ ਅੱਗੇ 
ਹੋਰ ਅੱਗੇ...

ਡੂੰਘੀ ਸੁਰੰਗ 'ਚ
ਮੈਂ ਤੇ ਮੇਰੀ ਚੇਤਨਾ
ਤੁਰ ਰਹੇ ਬਸ ਇਕੱਲੇ...!!

ਸਮਾਂ ਰਹਿਤ 
ਵਿਚਾਰ ਰਹਿਤ  
ਕਿਹੇ ਸੁਹਾਣੇ ਸਫ਼ਰ ਤੇ ਨਿਕਲ ਤੁਰੇ ਹਾਂ 
ਅਸੀਂ ਝੱਲੇ...!

Tuesday, July 2, 2013

ਇੱਦਾਂ ਹੀ ਹੁੰਦਾ ਆਇਐ...

ਇੱਦਾਂ ਹੀ ਹੁੰਦਾ ਆਇਐ...

ਚੜ੍ਹਦੇ ਸੂਰਜ ਦਾ ਸੰਧੂਰੀ ਰੰਗ 
ਸਮੁੰਦਰ ਦੀ ਖਾਮੋਸ਼ੀ ਵਿਚ ਘੁਲ ਗਿਆ 
ਧਰਤੀ ਅਤੇ ਅਕਾਸ਼ ਦਾ ਗੰਧਰਵ ਹੋਇਆ !

ਟਿਕ ਟਿਕ ਟਿਕ 
ਸਮਾਂ ਤੁਰਿਆ
ਸਿੱਪੀ ਨੀਂਦਰੋਂ ਜਾਗ ਪਈ
ਉਸਦੇ ਰੂਪ ਦੇ ਘੁੰਗਰੂ ਛਣਕੇ
ਬੀਜ ਨੇ ਅੰਗੜਾਈ ਲਈ
ਉਸਦੀ ਧੁੰਨੀ ਹੇਠਾਂ ਹਲਚਲ ਹੋਈ !

ਉਸਨੇ ਸਿਲਾਈਆਂ ਚੁੱਕ ਲਈਆਂ
ਤੇ ਇਕ ਗੀਤ ਬੁਨਣ ਲਗੀ
ਘੁਰੇ ਦਰ ਘੁਰੇ
ਉਸਨੇ ਨੌਂ ਸੁਪਨੇ ਬੁਣੇ !

ਅਨੰਤ ਪੀੜਾ !! ਆਹ !!
ਸਿੱਪੀ ਚੋਂ ਇਕ ਮੋਤੀ ਜਨਮਿਆ
ਸਿੱਪੀ ਮੋਤੀ ਹੋਈ
ਮਹਾਂ ਆਨੰਦ ‘ਚ ਗੁਆਚ ਗਈ !

ਉਸਦੀਆਂ ਰਾਤਾਂ ਲੋਰੀਆਂ ਗਾਉਂਦੀਆ
ਚੰਨ ਉਸਦੀ ਪਰਾਤ ਚੋਂ ਝਾਕਦਾ
ਉਸਦੇ ਸੀਨੇ ਚੋਂ ਅਮ੍ਰਿਤ ਸਿੰਮਦਾ
ਮਾਂ ਜੁ ਬਣ ਗਈ ਸੀ !

ਉਸਦੀ ਸਾਧਨਾ ਉਸਦਾ ਧਿਆਨ
ਕਰਮ /ਧਰਮ
ਬਸ ਉਸਦੀ ਮਮਤਾ !

ਇੱਦਾਂ ਹੀ ਹੁੰਦਾ ਆਇਆ ਹੈ
ਇੱਦਾਂ ਹੀ ਹੁੰਦਾ ਰਹਿਣੈ
ਜਦ ਤਕ ਸੂਰਜ ਚੜਦਾ ਰਹੇਗਾ
ਤਦ ਤੱਕ ਧਰਤੀ ਤਪੇਗੀ
ਮਾਂ ਸਿਲਾਈਆਂ ਚੁੱਕੇਗੀ
ਘੁਰੇ ਪਾਏਗੀ
ਸੁਪਨੇ ਬੁਣੇਗੀ
ਪੀੜ ਸਹੇਗੀ
ਲੋਰੀਆਂ ਗਾਏਗੀ !

Wednesday, April 10, 2013




Wednesday, March 20, 2013

ਸ਼ਬਦਾਂ ਨੂੰ ਚੁਪ ਰਹਿਣ ਦੇ


ਜੇ ਗੁੰਮ ਨੇ ਸ਼ਬਦ
ਤਾਂ ਗੁੰਮ ਰਹਿਣ ਦੇ

ਤੇਰੇ ਮੁਖੌਟੇ ਹੇਠੋਂ
ਤੇਰਾ ਚਿਹਰਾ ਕੁਛ ਕਹਿੰਦੈ  
ਮੈਨੂੰ ਵੇਖ ਲੈਣ ਦੇ

ਤੈਨੂੰ ਮੁਖੌਟੇ ਬੜੇ ਸੱਜਦੇ ਨੇ
ਤੂੰ ਇਹਨਾਂ ਨੂੰ
ਇੱਦਾਂ ਹੀ ਪਾਈ ਰਖ

ਠਹਿਰ 
ਮੈਨੂੰ ਵੀ ਅਣਜਾਣ ਹੋਣ ਦਾ
ਕੋਈ ਦਾਅਵਾ ਘੜ ਲੈਣ ਦੇ

ਆ !
ਫਿਰ ਬੈਠਦੇ ਹਾਂ
ਗੂੜ੍ਹੀ ਚੁਪ ਦੀ ਛਾਂਵੇਂ
ਦੱਬੇ ਹੋਏ ਅਹਿਸਾਸਾਂ ਨੂੰ
ਹੋਰ ਦਬਾ ਲਵਾਂਗੇ

ਇਸ ਚੁਪ ਨੂੰ ਵੀ ਇਕ ਵਰਦਾਨ ਹੈ
ਕੋਈ ਕਹਾਣੀ ਕਹਿ ਹੀ ਦਿੰਦੀ ਹੈ
ਜਦੋਂ ਕਦੇ ਸੱਚ ਦੀ ਬਰਸਾਤ ਹੋਵੇਗੀ
ਤੇਰੇ ਮੇਕਅਪ ਦੀ ਪਰਤ ਉਤਰੇਗੀ

ਧੁੱਪ ਨਿਖਰੇਗੀ  
ਤਾਂ ਤੇਰੇ ਚਿਹਰੇ ਤੇ ਉਕਰੀ
ਇਕ ਇਕ ਤਿਊੜੀ
ਤੇਰੀ ਦਾਸਤਾਨ ਲਿਖੇਗੀ

ਅਜੇ ਤਾਂ
ਤੂੰ ਇਹ ਮੁਖੌਟੇ ਪਾਈ ਰਖ
ਜੇ ਸ਼ਬਦ ਗੁੰਮ ਨੇ ਤਾਂ ਗੁੰਮ ਰਹਿਣ ਦੇ !

Tuesday, February 5, 2013

ਸੁਰਜੀਤ ਕੌਰ ਦੀਆਂ ਦੋ ਕਵਿਤਾਵਾਂ : “ ਅਗਲਾ ਮੋੜ ” ਅਤੇ “ ਸ਼ਿਕਸ਼ਤ ਰੰਗ ” ਮੇਰੇ ਦ੍ਰਿਸ਼ਟੀ ਕੋਣ ਤੋਂ

ਸੁਰਜੀਤ ਕੌਰ ਦੀਆਂ ਦੋ ਕਵਿਤਾਵਾਂ : “ ਅਗਲਾ ਮੋੜ ” ਅਤੇ “ ਸ਼ਿਕਸ਼ਤ ਰੰਗ ” ਮੇਰੇ ਦ੍ਰਿਸ਼ਟੀ ਕੋਣ ਤੋਂ 

ਅਗਲਾ ਮੋੜ 
*
ਮੇਰੀ ਸੋਚ ਦਾ
ਅਗਲੇਰਾ ਯੁਗ ਹੈ
ਇਹ...
ਜਿਥੇ ਮੈਂ ਆਣ ਪਹੁੰਚੀ ਹਾਂ !


ਕਿਸੇ ਊਰਜਾ ਨੇ
ਮੇਰੇ ਦੁਆਰੇ 'ਤੇ
ਇੰਝ ਦਸਤਕ ਦਿਤੀ ਹੈ
ਕਿ ਮੇਰੇ ਵਿਚੋਂ
ਮੈਂ ਗੁਆਚ ਗਈ ਹਾਂ !
ਚਾਨਣ ਦੀ ਕੋਈ ਰਿਸ਼ਮ
ਹਨੇਰੀਆਂ ਗੁਫਾਫਾਂ ਨੂੰ ਚੀਰ
ਮੇਰੇ ਮਸਤਕ
ਇੰਝ ਆਣ ਢੁਕੀ ਹੈ
ਕਿ ਮਨ ਅੰਬਰ ਹੋ ਗਿਐ
ਤੇ ਅੰਤਹਿਕਰਣ ਵਿਚ
ਸ਼ਹਿਨਾਈ ਗੂੰਜ ਉਠੀ ਹੈ !
ਖੇੜਾ ਹੀ ਖੇੜਾ ਹੈ
ਤੇ ਮੇਰੀ ਚੇਤਨਾ
ਚਾਨਣ ਦੀਆਂ ਪੰਜੇਬਾਂ ਪਾ
ਬਰੇਤਿਆਂ 'ਚ ਨੱਚ ਰਹੀ ਹੈ !

***************
“ ਸ਼ਿਕਸ਼ਤ ਰੰਗ ”
*
ਪਾਣੀ ਤੇ ਪਈ ਲੀਕ ਵਾਂਗ
ਆਈ ਹਰ ਸਵੇਰ
ਰੇਤ ਤੇ ਲਿਖੇ ਅੱਖਰਾਂ ਵਰਗੇ
ਹੁੰਦੇ ਰਹੇ ਨੇ ਦਿਨ
ਸ਼ਾਮ ਹੁੰਦਿਆਂ ਹੀ
ਹਨੇਰੇ 'ਚ ਸਿਮਟ ਜਾਂਦੇ ਨੇ ਰੰਗ
ਜ਼ਿੰਦਗੀ ਹਰ ਸਮਾਂ
ਸ਼ਿਕਸਤ-ਰੰਗ ਹੁੰਦੀ ਏ !
ਬੁਝੇ ਹੋਏ ਦੀਵੇ ਦੀ ਤਰ੍ਹਾਂ
ਖੰਡਰਾਂ 'ਚ ਮਲਬੇ ਦੇ ਢੇਰ ਹੇਠਾਂ
ਦੱਬੇ ਰਹੇ ਪੜਾਅ
ਧੋ ਹੋਏ ਨਾ ਸਰਾਪ
ਲੱਖਾਂ ਮੌਸਮ ਬਰਸਾਤ ਦੇ ਵੀ ਆਏ !
ਕੂਲੀ ਰਿਸ਼ਮ ਵਰਗਾ
ਜੋ ਪਲ ਸੀ ਮਿਲਿਆ
ਤਪਦੇ ਸੂਰਜ ਵਾਂਗ
ਮੱਥੇ 'ਚ ਵੱਜਦਾ ਰਿਹੈ
ਸਾਰੀ ਉਮਰ ਜਿਸਦੇ ਤਾਪ ਨਾਲ
ਵਿਹੜਾ ਭੁੱਜਦਾ ਰਿਹੈ !
ਦਿਸ਼ਾ ਬਦਲੇ
ਸਮਾਂ ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮੱਥੇ 'ਚ ਹਰ ਦਮ
ਸੋਚਾਂ ਦਾ ਯੁ੍ਧ ਚੱਲਦਾ ਰਿਹੈ !
ਸੁਣਦੇ ਸੀ
ਪਲਾਂ ਛਿਨਾਂ ਦੀ ਹੈ ਜ਼ਿੰਦਗੀ
ਚੱਲਦੇ ਚੱਲਦੇ ਹੰਭ ਗਈ
ਮਿਲਿਆ ਨਾ ਉਹ ਮੁਕਾਮ
ਸੋਚਾਂ ਨੂੰ ਜਿਥੇ
ਰਾਹਤ ਕਦੇ ਮਿਲਦੀ !!
ਆਪਣੇ ਹੀ ਅੰਦਰ ਕੈਦ ਹਾਂ ਧੁਰ ਤੋਂ
ਇਸ ਕੈਦ ਦੀ ਕੋਈ ਬਾਰੀ
ਬਾਹਰ ਨਹੀਂ ਖੁੱਲਦੀ
ਕੋਈ ਨਵਾਂ ਸੂਰਜ
ਨਵਾਂ ਚਾਨਣ
ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ !
******


ਅਗਲਾ ਮੋੜ :

ਸੁਰਜੀਤ ਜੀ ਦੀ ਇਹ ਕਵਿਤਾ , ਨਿਰੀ ਪੂਰੀ ਕਵਿਤਾ ਹੀ ਨਹੀਂ , ਇਹ ਇਨਸਾਨ ਦੀ ਸੂਖਸ਼ਮ ਅਵਸਥਾ ਦਾ , ਅਧਿਆਤਮਵਾਦ ਦੀ ਯਾਤਰਾ ਦਾ , ਇਸ ਅੰਤਰਮੁਖੀ ਸਾਧਨਾ ਦਾ ___ ਬਾਹਰਮੁਖੀ ਪ੍ਰਕਿਰਤੀ-ਪਦਾਰਥ ਦੇ ਨਾਲ , .....ਇਨਸਾਨ ਦੀ ਆਤਮਾਂ ਦਾ ___ ਬ੍ਰਹਮੰਡ ਦੇ ਨਾਲ ......ਪ੍ਰਮਾਤਮਾਂ ਦੇ ਨਾਲ ......ਸਮੁੰਦਰ ਦੀ ਲਹਿਰ ਦਾ ਵਾਪਸ ਸਮੁੰਦਰ ਦੇ ਨਾਲ .....ਮਿਲਾਪ ਹੋ ਜਾਣ ਵਾਲੇ ਉਸ “ ਮਿਲਣ ਬਿੰਦੂ ” ਦੀ ਕਹਾਣੀ ਹੈ ! ਇਹ ਇਨਸਾਨ ਦੇ ਆਪਣੇ ਅੰਤ੍ਰੀਵ ਦੇ ਅਨੁਭਵ ਦੀ ਕਹਾਣੀ ਹੈ , ਇਸ ਨੂੰ ਕਿਸੇ ਵੀ ਬਾਹਰਮੁਖੀ ਸਰੂਪ ਜਾਂ ਰੂਪ ਰੇਖਾ ਵਿੱਚ ਨਹੀਂ ਵਿਖਾਇਆ ਜਾਂ ਚਿਤਰਿਆ ਜਾ ਸਕਦਾ !


ਇਹ ਨਿਰੀ ਪੂਰੀ ਕਵਿਤਾ ਹੀ ਨਹੀਂ , ਇਹ ਸੁਰਜੀਤ ਜੀ ਦੀ ਆਪਣੀ , ਨਿੱਜੀ ਜ਼ਿੰਦਗੀ ਦੀ , ਜੀਵਨ ਭਰ ਦੀ ਖੋਜ ਦਾ ਨਿਚੋੜ ਵੀ ਹੈ ! ਇਹ ਇਨਸਾਨ ਦੀ ਆਤਮਾਂ ਦਾ ਪਰਮ ਆਤਮਾ , ਪ੍ਰਮੇਸ਼ਰ ਨੂੰ ਮਿਲਣ ਦੀ ਜੋਗ ਕਹਾਣੀ ਵੀ ਹੈ ! ਇੱਕ ਖੋਜ ਦੇ ਯੁਗ ਦੀ ਸਮਾਪਤੀ ਤੋਂ ਬਾਦ , ਇੱਕ ਅਗਲੇਰੇ ਯੁਗ ਦੀ ਸ਼ੁਰੂਆਤ ਦੀ ਕਹਾਣੀ ਹੈ !

*
“ ਮੇਰੀ ਸੋਚ ਦਾ
ਅਗਲੇਰਾ ਯੁਗ ਹੈ
ਇਹ .....

ਜਿੱਥੇ ਮੈਂ ਆਂ ਪਹੁੰਚੀ ਹਾਂ ....!”

*

ਗਿਆਂਨ ਦੀ , ਇੱਕ ਸੋਚ ਸਾਧਨਾ ਦੀ , ਇਹ ਯੁਗਾਂ ਲੰਬੀ ਯਾਤਰਾ ਤੋਂ ਬਾਦ , ਉਸ ਸ਼ਕਤੀ , ਉਸ ਉਰਜਾ ਦੇ ਰੂ –ਬਰੂ ਹੋ ਪਾਉਣਾ , ਜਿਥੋਂ ਇਨਸਾਨ ਵਿੱਚੋਂ , “ ਮੈਂ ” ਦਾ ਮਨਫੀ ਹੋ ਜਾਣਾ ਹੁੰਦਾ ਹੈ ! ਇਹ ਇਤਿਹਾਸਕ ਘੜੀ , ਸਮੇਂ ਦਾ ਅਜੇਹਾ , “ਮਿਲਣ ਬਿੰਦੂ ” .ਹੋ ਪਾਉਂਦਾ ਹੈ ਜਿੱਥੇ ...ਇਸ “ ਮੈਂ- ਮੁਕਤ- ਆਤਮਾਂ ਦਾ ਪ੍ਰਮਾਤਮਾਂ ਵਿੱਚ ਸਮਾਉਣ ਵਾਲੀ ਘੜੀ ਦਾ ਸੁਮੇਲ ਹੁੰਦਾ ਹੈ , ਰੂਹ ਦਾ ਦਸਵੇਂ ਦੁਆਰ ਵਿੱਚ ਪ੍ਰਵੇਸ਼ ਹੋਣਾ ਵੀ ਅਖਵਾਉਂਦਾ ਹੈ ! ਆਤਮਾਂ ਨੂੰ ਪ੍ਰਮਾਤਮਾਂ ਦੇ ਨਾਲ ਇਸ ਪ੍ਰਵੇਸ਼ ਘੜੀ ਵਾਲੇ ਮਿਲਣ ਦਾ ਜ਼ਿਕਰ , ਸੁਰਜੀਤ ਜੀ ਦੀ ਕਵਿਤਾ ਦੀਆਂ ਅਗਲੀਆਂ ਪੰਗਤੀਆਂ ਇਸ ਤ੍ਰਾਂਹ ਕਲਮ ਬੰਦ ਕਰਦੀਆਂ ਹਨ :

*

“ ਚਾਨਣ ਦੀ ਕੋਈ ਰਿਸ਼ਮ
ਹਨੇਰੀਆਂ ਗੁਫਾਫਾਂ ਨੂੰ ਚੀਰ
ਮੇਰੇ ਮਸਤਕ
ਇੰਝ ਆਣ ਢੁਕੀ ਹੈ
ਕਿ ਮਨ ਅੰਬਰ ਹੋ ਗਿਐ
ਤੇ ਅੰਤਹਿਕਰਣ ਵਿਚ
ਸ਼ਹਿਨਾਈ ਗੂੰਜ ਉਠੀ ਹੈ !
ਖੇੜਾ ਹੀ ਖੇੜਾ ਹੈ
ਤੇ ਮੇਰੀ ਚੇਤਨਾ
ਚਾਨਣ ਦੀਆਂ ਪੰਜੇਬਾਂ ਪਾ
ਬਰੇਤਿਆਂ 'ਚ ਨੱਚ ਰਹੀ ਹੈ ! ”
*

ਮੈਨੂੰ ਇਂਝ ਲਗਦਾ ਹੈ , ਜਿਵੇਂ ਇੱਥੇ ਸੁਰਜੀਤ ਜੀ ਇਹ ਕਹਿ ਰਹੇ ਹੋਣ ਕਿ , “ ਇਹ ਛਿਣ ਜਿੱਥੇ ਮੈਂ ਆਂਣ ਪਹੁੰਚੀ ਹਾਂ ਇਹ ਮੇਰੀ ਸੋਚ ਦਾ ਅਗਲੇਰਾ ਯੁਗ ਹੈ ਜਿੱਥੋਂ , ਰੂਹ ਦਸਵੇਂ ਦੁਆਰ ਵਿੱਚ ਪ੍ਰਵੇਸ਼ ਕਰਕੇ ਆਪਣੇ ਅੰਦਰ ਦੀ ਕੈਦ ਤੋਂ ਸੁਤੰਤਰਤਾ ਪਾਉਂਦੀ ਹੈ ! ”

ਇਸ ਮਕਾਮ ਉੱਪਰ ਪਹੁੰਚ ਕੇ ਇਹ ਕਵਿਤਾ , ਸੁਰਜੀਤ ਜੀ ਦੀ ਰਚਿਤ ਇੱਕ ਹੋਰ ਕਵਿਤਾ , “ ਸ਼ਿਕਸ਼ਤ ਰੰਗ ” ਦੇ ਨਾਲ ਮਿਲਾਪ ਕਰਦੀ ਹੈ ! ਇੱਕ ਸੰਵਾਦ ਰਚਾਉਂਦੀ ਹੈ ! ਇਸ ਰਚੇ ਸੰਵਾਦ ਵਿੱਚ , ਇਹ ਹਥਲੀ ਕਵਿਤਾ , ਉਸ ਦੂਸਰੀ ਕਵਿਤਾ , “ ਸ਼ਿਕਸ਼ਤ ਰੰਗ ” ਵਲੋਂ ਉਠਾਏ ਗਏ ਇੱਕ ਸਵਾਲ ਦਾ ਜਵਾਬ ਦਿੰਦੀ ਹੈ !




“ ਆਪਣੇ ਹੀ ਅੰਦਰ ਕੈਦ ਹਾਂ ਧੁਰ ਤੋਂ
ਇਸ ਕੈਦ ਦੀ ਕੋਈ ਬਾਰੀ
ਬਾਹਰ ਨਹੀਂ ਖੁੱਲਦੀ
ਕੋਈ ਨਵਾਂ ਸੂਰਜ
ਨਵਾਂ ਚਾਨਣ
ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ ! ”
****

ਇੱਥੇ ਜਾਂਦਾ ਜਾਂਦਾ ਮੈਂ ਇਹ ਵੀ ਦੱਸ ਦੇਵਾਂ ਕਿ ਇਹ ਹਥਲੀ ਕਵਿਤਾ , ਸੁਰਜੀਤ ਜੀ ਦੇ ਰਚੇ ਇੱਕ ਬਹੁਤ ਉੱਤਮ ਕਾਵ ਸੰਗ੍ਰਿਹ , “ ਹੈ ਸਖੀ ” ਦੀ ਅਖੀਰਲੀ ਕਵਿਤਾ ਪ੍ਰੰਤੂ ਅੰਤਿਕਾ ਤੋਂ ਪਹਿਲੀ ਕਵਿਤਾ ਵੀ ਹੈ !


“ ਆਪਣੇ ” ਤੋਂ ਸ਼ੁਰੂ ਹੋਕੇ ਆਪਣੇ ਤਕ ਪਹੁੰਚਣ ਦਾ ਸਫ਼ਰ. ! ਕਾਇਨਾਤ ਨੂੰ ਪਹਚਾਨ ਕੇ ਉਸ ਵਿਚ ਲੀਨ ਹੋ ਜਾਣ ਦਾ ਸਫ਼ਰ ! ਧਰਤੀ ਅਤੇ ਅਸਮਾਨ ਦੇ ਦੂਰ ਪਾਰ “ ਦੂਮੇਲ ” ਤਕ ਜਾਂਦਾ ਨੰਗੇ ਪੈਰੀਂ ਤੁਰ ਕੇ ਜਾਣ ਦਾ ਸਫ਼ਰ ! ਆਪਣੇ “ ਖੁਦ-ਕਤਰੇ ” ਨੂੰ ਕਾਇਨਾਤ ਦੇ ਕੱਦ ਜਿੰਨਾਂ ਉੱਚਾ ਕਰ ਲੈਣ ਦੀ ਵਿਧੀ ਨੂੰ ਖੋਜਣ - ਲਭਣ ਦਾ ਸਫ਼ਰ ! “ ਆਪ ” ਨੂੰ “ ਆਪਣੇ ” ਨਾਲ ਮਿਲਣ ਦੀ ਉਡੀਕ ਦਾ ਸਫ਼ਰ ! ਤੂੰ ਮਿਲੀਂ ਜਰੂਰ ਮੈਂ ਤੈਨੂੰ ਲਭ ਰਹੀ ਹਾਂ !
ਜਿਸ ਕਿਸੇ ਨੂੰ ਵੀ ਭੁਖ ਹੈ ਆਪਣੇ “ ਉਸ ਨੂੰ ” ਮਿਲਣ ਦੀ , ਆਪਣੇ ਸਵਾਲਾਂ ਦੀ ਉਚਾਈ ਨੂੰ ਹੋਰ ਉਤਲੇ ਉਤਾਲ ਤੀਕਰ ਲੈ ਜਾਣ ਦੀ, ਮੈਂ ਸਫਾਰਸ਼ ਕਰਦਾ ਹਾਂ ਕਿ ਉਹ ਸੁਰਜੀਤ ਜੀ ਦੀ ਲਿਖਤ ਪੂਰੀ ਦੀ ਪੂਰੀ ਕਿਤਾਬ –ਹੇ ਸਖੀ –ਜਰੂਰ ਪੜ੍ਹਨ ! ਇਸਦੇ ਜਿਸ ਪੰਨੇ ਨੂੰ ਵੀ ਖੋਲ ਲਓ - ਇਕ ਇਕ ਪੰਨਾ ਆਪਣੇ ਆਪ ਵਿਚ ਇਕ ਲੰਬੀ ਕਿਤਾਬ ਹੈ !


ਜਸਮੇਰ ਸਿੰਘ ਲਾਲ
05/02/2013

Wednesday, January 23, 2013

ਇਕ ਪਲ


ਇਕ ਪਲ

ਬਸ ਇਕ ਪਲ ਦੀ ਹੀ
ਗਲ ਹੈ !
ਇਕ ਪਲ ਹੀ
ਸਾਡੀ ਮੁੱਠੀ ਵਿਚ ਬੰਦ ਹੈ !

ਇਕ ਪਲ ਦਾ ਨਾਂ ਹੈ-
ਜੀਵਨ !
ਇਕ ਪਲ 'ਚ ਜੀਵਨ-
ਬਣਦੈ ਮੌਤ !

ਇਕ ਪਲ 'ਚ ਹੀ
ਆਉਂਦੈ ਭੂਚਾਲ
ਇਕ ਪਲ 'ਚ ਹੀ 
ਗਰਕ ਜਾਂਦੈ 
ਘੁਗ ਵਸਦਾ ਸ਼ਹਿਰ ! 

ਇਕ ਪਲ ਹੀ 
ਹੁੰਦੀ ਹੈ ਹੋਣੀ 
ਇਕ ਪਲ ਹੀ
ਸਿਰਜਦੈ ਇਤਿਹਾਸ !

ਇਹ ਜੀਵਨ 
ਮਹਿਜ਼
ਇਕ ਪਲ ਦੀ 
ਗਲ ਹੈ ਬਸ !!!

Tuesday, January 22, 2013

ਸ਼ਬਦਾਂ ਦੀਆਂ ਤਿਤਲੀਆਂ

ਐਕੁਏਰੀਅਮ ਵਿਚ ਤੜਫਣ ਮੱਛੀਆਂ
ਮੱਥੇ ਵਿਚ ਸੋਨਪਰੀ ਜਿਹੀਆਂ ਨਜ਼ਮਾਂ
ਆ ਨੀ ਜਿੰਦੇ
ਫੜੀਂ ਜਰਾ
ਸ਼ਬਦਾਂ ਦੀਆਂ ਤਿਤਲੀਆਂ !

Monday, January 7, 2013

ਰਿਸ਼ਤਾ


ਉਦਾਸ ਰਾਤ
ਜਦ ਪਿਘਲਦੀ ਹੈ
ਕਈ ਹਰਫ
ਸਾਹਾਂ ਦੇ ਨਾਲ
ਉਤਰਦੇ ਨੇ ਨੇਰ੍ਹੇ ਦੀ ਕੈਨਵੈਸ ਤੇ !

ਰਾਤ ਦਾ ਉਦਾਸੀ ਨਾਲ
ਤੇ ਉਦਾਸੀ ਦਾ
ਕਵਿਤਾ ਨਾਲ
ਕਿਹਾ ਰਿਸ਼ਤਾ ਹੈ ਇਹ !!!