ਉੱਚੀਆਂ ਇਮਾਰਤਾਂ ਵਾਲਾ
ਜਗਮਗ ਕਰਦਾ
ਖੂਬਸੂਰਤ ਇਹ ਸ਼ਹਿਰ
ਸਮੁੰਦਰ ਕੰਢੇ ਖੜਾ
ਪਹਿਰੇਦਾਰ !
ਇਸ ਸ਼ਹਿਰ ਦੀ
ਰਾਤ ਵੀ ਜਾਗਦੀ ਹੈ
ਤੇ ਦਿਨ ਵੀ !
ਆਸਮਾਨ ਇਸਦਾ
ਤਾਰਿਆਂ ਵਿਹੂਣਾ-
ਸੌੜਾ ਸੌੜਾ !
ਇਸ ਸ਼ਹਿਰ ਦੀ
ਧਰਤੀ ਦਾ ਵਿਹੜਾ
ਭੀੜਾ ਭੀੜਾ!
ਇਸ ਸ਼ਹਿਰ ਦੇ ਹਰ ਚੌਂਕ ਤੇ
ਲਾਲ ਬੱਤੀ
ਰੋਕਦੀ ਹੈ
ਅੱਗੇ ਵਧਣ ਤੋਂ ਤੁਹਾਨੂੰ;
ਜੇ ਇਸ ਤੋਂ ਅੱਗੇ ਵਧੇ ਤਾਂ
ਗੁਆਚ ਜਾਉਗੇ!
ਜੇ ਇਸ ਤੋਂ ਅੱਗੇ ਵਧੇ ਤਾਂ
ਤੁਹਾਡੇ ਕਦ ਛਾਂਗ ਦਿਤੇ ਜਾਣਗੇ!
ਜਦੋਂ ਇਸ ਸ਼ਹਿਰ ਤੋਂ ਪਰਤੋਗੇ,
ਤੁਹਾਡੀ ਹਸਤੀ
ਬੌਣੀ ਹੋ ਗਈ ਹੋਵੇਗੀ
ਤੇ ਉਡਾਣ ਛੋਟੀ !
ਦੇਖੋ !
ਇਸ ਸ਼ਹਿਰ ਦੀਆਂ
ਉੱਚੀਆਂ ਇਮਾਰਤਾਂ ਦੀਆਂ ਬਾਰੀਆਂ ਦੇ
ਸ਼ੀਸ਼ਿਆਂ 'ਤੇ
ਪੱਥਰ ਹੋ ਗਏ ਮਨਾਂ ਦੇ
ਸੇਕ ਨਾਲ ਕਿਵੇਂ
ਕੋਹਰਾ ਜੰਮ ਗਿਐ !
ਇਸ ਲਈ ਨਾ ਸ਼ੀਸ਼ਿਆਂ ਦੇ
ਆਰ-ਪਾਰ ਕੁਝ ਦਿਸਦੈ
ਨਾ ਮਨਾਂ ਦੇ !
ਇਥੇ ਅਜੀਬ ਹਾਦਸੇ ਹੁੰਦੇ ਨੇ
ਰੋਜ਼ ਮੁਹੱਬਤ ਮਰਦੀ ਹੈ
ਰੋਜ਼ ਵਫ਼ਾ ਦਫ਼ਨ ਹੁੰਦੀ ਹੈ
ਪਰ ਇੱਥੇ
ਲੋਕ ਰੋਂਦੇ ਨਹੀਂ
ਇਕ ਅਜੀਬ ਸੰਤਾਪ ਹੰਢਾਉਂਦੇ ਨੇ !
ਅਜੀਬ ਤਰ੍ਹਾਂ ਦੀ
ਇਕ ਹਲਚਲ ਹੈ ਇਥੇ
ਹਰ ਪਾਸੇ ਸੜਕਾਂ ਤੇ
ਨਕਾਬਪੋਸ਼ਾਂ ਦੀ ਭਰਮਾਰ ਹੈ ਇੱਥੇ
ਜੋ ਉੱਚੀਆਂ ਅੱਡੀਆਂ ਤੇ
ਦਿਸ਼ਾਹੀਣ
ਇਕ ਚੌਰਾਹੇ ਤੋਂ
ਦੂਜੇ ਚੌਰਾਹੇ ਤੱਕ ਭਾਉਂਦੇ ਰਹਿੰਦੇ
ਫ਼ਿੱਕਾ ਫਿੱਕਾ ਹੱਸਦੇ
ਝੂਠੀ ਮੂਠੀ ਗਾਉਂਦੇ!
ਜੇ ਹੋਰ ਅੱਗੇ ਵਧੇ ਤਾਂ
ਇਨ੍ਹਾਂ ਵਿਚ ਰਲ ਜਾਉਗੇ
ਅਣਿਆਈ ਮੌਤ ਮਰ ਜਾਉਗੇ !
ਇਸ ਸ਼ਹਿਰ ਵਿਚ
ਇਕ ਸ਼ਾਇਰ ਵੀ ਰਹਿੰਦੈ-
ਜੋ ਉੱਚੀ ਉੱਚੀ ਹੱਸਦੈ
ਤੇ ਕਦੇ ਕਦੇ
ਸਮੁੰਦਰ ਕੰਢੇ ਬਹਿ
ਮਾਸੂਮ ਜਿੰਦਗੀਆਂ ਦੀਆਂ
ਮੌਤ ਤੇ ਵੈਣ ਪਾਉਂਦੈ
ਇਕ ਗੀਤ ਗਾਉਂਦੈ-
ਇਸ ਸ਼ਹਿਰ ਦਾ ਰੁੱਸ ਗਿਐ ਰੱਬ ਵੇ ਲੋਕਾ!
ਇਸ ਸ਼ਹਿਰ 'ਚ ਜੀਣ ਦਾ ਨਹੀਂ ਹੱਜ ਵੇ ਲੋਕਾ !
ਇੱਥੇ ਬੰਦਾ ਵਸਤੂ ਹੋ ਗਿਐ
ਤੇ ਵਸਤੂ ਹੋ ਗਈ ਪ੍ਰਾਲਬਧ ਵੇ ਲੋਕਾ !
ਆਪਣੀ ਪੁਸਤਕ 'ਸ਼ਿਕਸਤ ਰੰਗ' ਵਿਚੋਂ
No comments:
Post a Comment