ਮੈਂ ਐਂਵੇਂ
ਆਪਣੇ ਦਾਜ ਦਾ ਸੰਦੂਕ
ਅੱਜ ਖੋਲ ਬੈਠੀ ਹਾਂ !
ਮਿਕਨਾਤੀਸੀ ਸੁਪਨੇ
ਮੁਹੱਬਤ ਦੇ ਰੰਗਾਂ ਨਾਲ ਨਗੰਦ
ਇਸ ਸੰਦੂਕ ਵਿਚ ਮੈਂ ਰੱਖੇ ਸਨ !
ਸੱਜਰੀਆਂ ਸਾਂਝਾਂ ਦੇ ਚਾਵਾਂ ਦੀਆਂ
ਲੜੀਆਂ ਗੁੰਦ
ਇਹ ਸੰਦੂਕ ਮੈਂ
ਲਬਾ ਲਬ ਭਰਿਆ ਸੀ !
ਪਰ ਵਰਿੁਆਂ ਬਾਦ
ਅੱਜ ਜਦੋਂ
ਮੈਂ ਇਸਨੂੰ ਖੋਲਿਐ
ਤਾਂ ਵੇਖਿਐ
ਮੇਰੇ ਸੁਫ਼ਨਿਆਂ ਦੀਆਂ
ਲੇਫ਼ ਤਲਾਈਆਂ
ਪਈਆਂ ਪਈਾਆਂ ਬੋਦੀਆਂ
ਹੋ ਗਈਆਂ ਨੇ !
ਆਪਣੀਆਂ ਰੀਝਾਂ ਦੀ
ਤਾਂ ਕੋਈ ਤਹਿ
ਮੈਂ ਅਜੇ ਖੋਲ੍ਹ ਕੇ ਵੀ ਨਹੀਂ ਵੇਖੀ !
ਇਸ ਸੰਦੂਕ ਵਿਚ
ਮੁਹੱਬਤ ਦੀ ਥਾਂ
ਕਿੰਨੀਆਂ ਉਦਾਸੀਆਂ
ਜਮਾਂ ਹੋ ਗਈਆਂ ਨੇ
ਜਿਨ੍ਹਾਂ ਨੂੰ
ਮੈਂ ਹੋਰ ਗੁੱਠੇ ਲਾ ਕੇ ਰੱਖ ਦਿਤੈ
ਕਿ ਕਿਧਰੇ ਉਦਰੇਵਿਆਂ ਦੀ
ਕੋਈ ਹੋਰ ਪਰਤ ਨਾ ਖੁੱਲ ਜਾਵੇ
ਕਿ ਜ਼ਿੰਦਗੀ ਦੇ ਨਗੰਦੇ ਦਾ
ਕੋਈ ਤੰਦ ਨਾ ਟੁੱਟ ਜਾਵੇ !
ਇਸ ਲਈ ਇਹ ਸੰਦੂਕ
ਉਵੇਂ ਦਾ ਉਵੇਂ ਹੀ ਬੰਦ ਕਰ ਦਿਤੈ
ਤੇ ਗਹਿਣਿਆਂ ਦੀ ਥਾਂ
ਡੱਬੀ ਵਿਚ
ਮੈਂ ਆਪਣਾ ਦਿਲ ਧਰ ਦਿਤੈ !
(ਸ਼ਿਕਸਤ ਰੰਗ)
No comments:
Post a Comment