
ਉਹ ਕਿਹੀ ਰੁੱਤ ਸੀ
ਕਿ ਬੰਦੇ ਹੋਏ ਰੁਖ ਸੀ
ਕਿ ਰੁੱਖਾਂ ਦੇ ਸਿਰਾਂ 'ਤੇ
ਸੂਰਜਾਂ ਦਾ ਸੇਕ ਸੀ
ਝੁਲਸੀਆਂ ਹਵਾਵਾਂ ਦੇ ਨਾਲ
ਝੁਲਸਿਆ ਬੁੱਧ ਤੇ ਵਿਵੇਕ ਸੀ
ਕਿ ਬਸਤੀਆਂ ਤੇ ਸ਼ਹਿਰਾਂ 'ਚ
ਹਨੇਰਿਆਂ ਨੇ ਘੇਰਿਆ ਮਨੁੱਖ ਸੀ
ਉਹ ਕਿਹੀ ਜਿਹੀ ਰੁੱਤ ਸੀ
ਕਿ ਬੰਦੇ ਹੋਏ ਰੁਖ ਸੀ
ਕਿ ਰੁੱਖਾਂ ਨੂੰ ਸੰਸਿਆਂ ਦਾ ਦੁਖ ਸੀ !
ਧਰਤੀ ਤੋਂ ਆਕਾਸ਼ ਤੀਕਰ
ਗਹਿਰ ਹੀ ਗਹਿਰ ਸੀ
ਧੂੰਆਂ ਧੂਆਂ ਸੋਚ ਹੋਈ
ਕਹਿਰ ਹੀ ਕਹਿਰ ਸੀ
ਧਰਮ ਕੋਈ ਜਨੂੰਨ ਸੀ
ਜੰਗਲ ਦਾ ਕਨੂੰਨ ਸੀ
ਧੁੰਦ ਦਾ ਫੈਲਾਉ ਸੀ
ਚਾਨਣ ਬੈਠਾ ਚੁਪ ਸੀ !
ਉਹ ਕਿਹੋ ਜਿਹੀ ਰੁੱਤ ਸੀ
ਕਿ ਬੰਦੇ ਹੋਏ ਰੁਖ ਸੀ
ਕਿ ਰੁੱਖਾਂ ਨੂੰ ਪਤਝੜਾਂ ਦੇ ਦੁਖ ਸੀ !
ਪਤਝੜਾਂ ਦੀ ਏਸ ਰੁੱਤੇ
ਧਰਤੀ ਦੇ ਵਿਹੜੇ
ਸਤਿਗੁਰ ਨਾਨਕ
ਚਾਨਣ ਵਾਂਗ ਇੰਝ ਸੀ ਫੈਲਿਆ
ਕਿ ਬਦਲ ਗਏ ਮੌਸਮ
ਬਦਲ ਗਈ ਰੁਤ ਸੀ
ਹਰਿਆਲੇ ਹੋਏ
ਕੁਮਲਾਏ ਜੋ ਰੁੱਖ ਸੀ
ਕਿ ਬਦਲੀ ਹੁਣ ਰੁੱਤ ਸੀ !
ਮਹਾਂਕਾਲ ਦੇ ਹਨੇਰੇ ਨੂੰ ਚੀਰਦਾ
ਨਾ ਡਰਿਆ ਨਾ ਡੋਲਿਆ
ਸੱਚ ਦੇ ਮਾਰਗ 'ਤੇ
ਪਹਾੜਾਂ ਤੇ ਮੈਦਾਨਾਂ 'ਚ
ਗੁਫਾਫਾਂ ਤੇ ਸ਼ਮਸ਼ਾਨਾਂ 'ਚ
ਝੂਠ ਨੂੰ ਲਿਤਾੜਦਾ
ਜੰਗਲਾਂ ਨੂੰ ਫਾੜਦਾ
ਬੁਲੰਦ ਆਵਾਜ਼ ਵਿਚ
ਸੱਚ ਹੀ ਸੱਚ ਸੀ ਬੋਲਿਆ !
ਰੌਸ਼ਨ ਹੋਈ ਸੋਚ
ਬਦਲਿਆ ਹਰ ਮਨੁੱਖ ਸੀ
ਬਦਲੇ ਜਿਸ ਮੌਸਮ
ਬਦਲੀ ਜਿਸ ਰੁੱਤ ਸੀ
ਨਾਨਕ ਸੀ ਨਾਂ ਊਹਦਾ
ਪਰਮ ਉਹ ਮਨੁੱਖ ਸੀ !!
(ਸ਼ਿਕਸਤ ਰੰਗ)
No comments:
Post a Comment