ਪਤਾ ਨਹੀਂ ਕਦੋਂ ਤੋਂ
ਦੂਰ ਖੜੀ ਦੇਖਦੀ ਰਹੀ ਹਾਂ
ਤੇਰੇ ਕਦਮਾਂ ਦੇ ਨਿਸ਼ਾਨ !
ਸੁਣਿਆ ਤੂੰ ਆਇਆ
ਤੇ ਚਲਿਆ ਗਿਆ
ਮੈਨੂੰ ਸਿਆਣੇ ਬਿਨਾ !
ਮੇਰੀ ਪਹਿਚਾਣ ਸੀ ਛੋਟੀ
ਤੂੰ ਅਪਹੁੰਚ !
ਬਹੁਤ ਸਨ ਮੇਰੇ ਮੂਹਰੇ
ਬੈਠੇ ਤੇਰੇ ਨੇੜੇ
ਮੈਂ ਤਾਂ ਸ਼ਾਇਦ ਤੈਨੂੰ ਦਿਸੀ ਵੀ ਨਾ !
ਬਸ
ਇਕ ਰਸਮ ਜਿਹੀ ਨਿਭਾ ਰਹੀ ਸਾਂ
ਬਾਰ ਬਾਰ
ਤੇਰਾ ਦਰ ਖੜਕਾ ਰਹੀ ਸਾਂ !
ਇਕ ਦਿਨ
ਕਿਸੇ ਬੂਹਾ ਖੋਲਿਆ
ਕਮਰਾ ਊਰਜਾ ਨਾਲ ਭਰਿਆ ਸੀ
ਕਮਰੇ ਵਿਚ ਤੂੰ ਖੜਾ ਸੀ
ਹਸੂੰ ਹਸੂੰ ਕਰਦਾ ਹੋਇਆ
ਮੈਨੂੰ ਅੰਦਰ ਬੁਲਾ ਰਿਹਾ ਸੀ
ਮੈਨੂੰ ਸੁਪਨਾ ਆ ਰਿਹਾ ਸੀ !
ਅਜ ਪਹੁੰਚੀ ਹਾਂ ਫਿਰ
ਤੇਰੇ ਦਰ ਤੇ
ਹੰਝੂ ਹੰਝੂ ਹੋਈ ਹਾਂ
ਆਪਣੀ ਬੇਬਸੀ ਤੇ ਰੋਈ ਹਾਂ
ਮੈਨੂੰ ਬੁਲਾਉਣਾ ਆਉਂਦਾ ਨਹੀਂ
ਤੂੰ ਬਿਨ ਬੁਲਾਏ ਆਉਂਦਾ ਨਹੀਂ
ਤੂੰ ਮੈਨੂੰ ਆਵਾਜ਼ ਦੇਵੇਂ
ਮੈਂ ਉਸ ਪਲ ਦੀ ਉਡੀਕ 'ਚ
ਜੀਅ ਰਹੀ ਹਾਂ !
No comments:
Post a Comment