ਮੈਂ ਜੋ
ਮੈਂ ਨਹੀਂ ਹਾਂ
ਕਿਸੇ ਸ਼ੋਅ-ਵਿੰਡੋ 'ਚ
ਇਕ ਪੁਤਲੇ ਵਾਂਗ
ਖ਼ਾਮੋਸ਼ ਖੜੀ ਹਾਂ !
ਕੁਛ ਰਿਸ਼ਤਿਆਂ
ਕੁਛ ਰਿਵਾਇਤਾਂ ਦੀ ਮੁਥਾਜ !
ਬਾਹਰੋਂ ਖ਼ਾਮੋਸ਼ ਹਾਂ
ਅੰਦਰ ਜ਼ਲਜ਼ਲਾ ਹੈ
ਤੂਫ਼ਾਨ ਹੈ
ਹੋਂਦ ਤੇ ਨਿਹੋਂਦ ਦੇ
ਊਰਾਰ-ਪਾਰ ਖੜਾ ਇਕ ਸਵਾਲ ਹੈ-
ਕਿ ਮੈਂ ਜੋ ਮੈਂ ਹਾਂ
ਮੈਂ ਕੀ ਹਾਂ ?
ਪੁਸਤਕਾਲੇ ਤੋਂ ਸਮਾਧੀ ਤਕ
ਇਸ ਸਚ ਨੂੰ ਭਾਲਦਿਆਂ
ਸੋਚਦੀ ਹਾਂ
ਮੈਂ ਜਿਸਮ ਹਾਂ
ਕਿ ਜਾਨ ਹਾਂ !
ਮੇਜ਼ਬਾਨ ਹਾਂ
ਕਿ ਮਹਿਮਾਨ ਹਾਂ !!
ਜ਼ਿੰਦਗੀ
ਮੌਤ
ਰੂਹ
ਤੇ ਮੋਕਸ਼
ਸ਼ਬਦਾਂ ਦੇ ਅਰਥ ਭਾਲਦੀ
ਸੋਚਦੀ ਹਾਂ
ਆਖਿਰ ਮੈਂ ਕੌਣ ਹਾਂ !
ਤਸਵੀਰਾਂ ਦੀ ਜੂਨੇ ਪਿਆਂ
ਖਾਮੋਸ਼ ਜ਼ਿੰਦਗੀ ਨੂੰ ਹੰਢਾੳਂਦਿਆਂ
ਕਈ ਵਾਰ
ਅਹਿਸਾਸ ਹੁੰਦੈ
ਕਿ ਮੈਂ ਕੇਵਲ
ਹਾਰੇ ਹੰਭੇ ਰਿਸ਼ਤਿਆਂ ਦੀ
ਮਰਿਆਦਾ ਹਾਂ !!
ਜਾਂ ਸ਼ਾਇਦ
ਮੈਂ ਕੁਛ ਵੀ ਨਹੀਂ
ਨਾ ਰੂਹ ਨਾ ਜਿਸਮ
ਨਾ ਕੋਈ ਮਰਿਆਦਾ-
ਕੇਵਲ ਇਕ
ਜੀਊਂਦਾ ਜਾਗਦਾ ਧੜਕਦਾ
ਦਿਲ ਹੀ ਹਾਂ !
ਤਾਂ ਹੀ ਤਾਂ ਜਦੋਂ
ਰਿਸ਼ਤੇ ਟੁਟਣ ਦਾ ਅਹਿਸਾਸ ਹੁੰਦੈ
ਤਾਂ ਨਿਗਲ ਜਾਂਦੈ
ਮੇਰਾ ਦਿਲ
ਮੇਰਾ ਵਿਵੇਕ !!
ਮੈਂ ਜੋ ਮੈਂ ਨਹੀਂ ਹਾਂ
ਆਪਣੇ ਆਪ ਨੂੰ
ਰਿਸ਼ਿਤਆਂ ਦੀ ਕੰਧ 'ਤੇ
ਟਿਕਾ ਕੇ ਰਖਿਐ !
ਮੈਂ ਜੋ ਮੈਂ ਹਾਂ
ਇਨ੍ਹਾਂ ਤਸਵੀਰਾਂ ਦੇ
ਤਿੜਕਿਆਂ ਸ਼ੀਸ਼ਿਆਂ 'ਚੋਂ ਨਿਕਲ ਕੇ
ਪਰਛਾਵਿਆਂ ਦੀ ਜੂਨੇ ਪੈ ਗਈ ਹਾਂ !!
(ਸ਼ਿਕਸਤ ਰੰਗ)
3 comments:
ਖੂਬਸੂਰਤ ਨਜ਼ਮ !
ਸੰਦੀਪ ਜੀ ਧੰਨਵਾਦ!ਤੁਸੀਂ ਵੀ ਬਹੁਤ ਵਧੀਆ ਲਿਖਦੇ ਹੋ ।
एक खूबसूरत कविता…पढ़कर मुँह 'वाह' अपने आप निकल जाती है…
Post a Comment