
ਹਾਦਸਾ ਜਦੋਂ ਵੀ ਹੋਇਐ
ਤਾਂ ਇੰਜ ਜਾਪਿਐ
ਜਿਵੇਂ ਜ਼ਿੰਦਗੀ ਨੇ ਮੌਸਮ ਵਾਂਗ
ਕਰਵਟ ਲਈ ਹੈ !
ਹਰ ਹਾਦਸੇ ਤੋਂ ਬਾਅਦ
ਵੀਰਾਨ ਚੁੱਪ ਰਾਤਾਂ
ਸੰਘਣੇ ਹਨੇਰੇ
ਅਤੇ ਭੂਤ ਵਿਚ ਉਲਝਿਆ ਵਰਤਮਾਨ !
ਦੂਰ ਦਿਸਹਦੇ ਤੇ
ਇਕ ਟਿਮਟਿਮਾਂਦੀ ਜਿਹੀ ਲੋਅ
ਜ਼ਿੰਦਗੀ ਇਹਦੇ ਦੁਆਲੇ
ਭੰਬਟ ਬਣ ਘੁੰਮਦੀ
ਪਰ ਕੀ ਪਤੈ ਕਿ ਇਹ
ਸ਼ਮਾਂ ਬਣ ਸਾੜੇਗੀ ਇਸਨੂੰ
ਕਿ ਰਾਹਾਂ ਰੌਸ਼ਨ ਕਰੇਗੀ !
ਜਦੋਂ ਵੀ ਕਦੇ
ਜਜ਼ਬਾਤਾਂ ਦੀ ਮੁੰਡੇਰ ਤੇ
ਬੈਠ ਕੇ ਤਕਿਐ
ਤਾ ਇੰਜ ਲਗਿਐ
ਜਿਵੇਂ ਜ਼ਿੰਦਗੀ
ਊਸ 'ਕਲੇ-ਕਾਹਰੇ ਪੰਛੀ ਵਾਂਗ ਹੈ
ਜੋ ਹੁਨਾਲੇ ਸਿਆਲੇ
ਮੀਂਹਾਂ ਝੱਖੜਾਂ ਵਿਚ ਵੀ
ਆਪਣੇ ਆਂਡਿਆਂ ਦੀ ਰਾਖੀ ਕਰਦੈ !
ਜਾਂ ਇਹ
ਉਜਾੜ ਜਿਹੀ 'ਚ ਲਗਿਆ
ਰੁੰਡ-ਮੁੰਡ ਜਿਹਾ ਦਰਖਤ ਹੈ
ਜਿਸਦੇ ਹੇਠਾਂ
ਧਰਤੀ ਦਾ ਪਿੰਡਾ
ਸੜ੍ਹਦਾ ਭਿੱਜਦਾ ਤੇ ਠਰਦਾ ਰਹਿੰਦੈ !
ਪਰ ਹੁਣ ਤਾਂ ਇੰਜ ਜਾਪਦੈ
ਜ਼ਿੰਦਗੀ ਬਹੁਤ ਮੌਸਮ ਬਦਲ ਚੁੱਕੀ ਹੈ
ਇਸ ਲਈ ਹਾਦਸੇ ਹੁਣ
ਮੌਸਮ ਵੀ ਨਹੀਂ ਲਗਦੇ !!
(ਸ਼ਿਕਸਤ ਰੰਗ )
No comments:
Post a Comment