ਤੂੰ ਮਿਲੀਂ ਜ਼ਰੂਰ
ਤੂੰ ਭਾਂਵੇਂ
ਕੜਕਦੀ ਧੁੱਪ ਬਣ ਮਿਲੀਂ
ਜਾਂ ਕੋਸੀ ਦੁਪਹਿਰ ਦਾ ਨਿੱਘ ਬਣ
ਘੋਰ ਹਨੇਰੀ ਰਾਤ ਬਣ ਮਿਲੀਂ
ਜਾਂ ਚਿੱਟੇ ਦੁੱਧ ਚਾਨਣ ਦੀ ਸਬਾਤ ਬਣ
ਮੈਂ ਤੈਨੂੰ ਪਹਿਚਾਣ ਲਵਾਂਗੀ
ਖਿੜਕੀ ਦੇ ਸ਼ੀਸ਼ੇ ਤੇ ਪੈਂਦੀਆਂ
ਕਿਣਮਿਣ ਕਣੀਆਂ ਦੀ ਟਪ ਟਪ ‘ਚੋਂ
ਦਾਵਾਨਲ ‘ਚ ਬਲਦੇ ਡਿਗਦੇ
ਰੁੱਖਾਂ ਦੀ ਕੜ ਕੜ ‘ਚੋਂ
ਮਲਏ ਪਰਬਤ ਤੋਂ ਆਉਂਦੀਆਂ
ਸੁਹਾਵਣੀਆਂ ਪੌਣਾਂ ਦੀਆਂ
ਸੁਗੰਧੀਆਂ ‘ਚ ਮਿਲੀਂ
ਜਾਂ ਹਿਮ ਨਦੀਆਂ ਦੀਆਂ
ਕੰਧੀਆਂ ‘ਚ ਮਿਲੀਂ
ਧਰਤੀ ਦੀ ਕੁੱਖ ‘ਚ ਪਏ
ਕਿਸੇ ਬੀਜ ‘ਚ ਮਿਲੀਂ
ਜਾਂ ਕਿਸੇ ਬੱਚੇ ਦੇ ਗਲ ‘ਚ ਲਟਕਦੇ
‘ਤਾਬੀਜ਼’ ‘ਚ ਮਿਲੀਂ
ਲਹਿਲਹਾਉਂਦੀਆਂ ਫਸਲਾਂ ਦੀ ਮਸਤੀ ‘ਚ
ਜਾਂ ਗਰੀਬਾਂ ਦੀ ਬਸਤੀ ‘ਚ ਮਿਲੀਂ
ਪਤਝੜ ਦੇ ਮੌਸਮ ‘ਚ
ਕਿਸੇ ਚਰਵਾਹੇ ਦੀ ਨਜ਼ਰ ‘ਚ ਉਠਦੇ
ਉਬਾਲ ਚ’ ਮਿਲੀਂ
ਜਾਂ ਧਰਤੀ ਤੇ ਡਿਗੇ ਸੁੱਕੇ ਪੱਤਿਆਂ ਦੇ
ਉਛਾਲ ‘ਚ ਮਿਲੀਂ
ਮੈਂ ਤੈਨੂੰ ਪਹਿਚਾਣ ਲਵਾਂਗੀ
ਕਿਸੇ ਭਿਕਸ਼ੂ ਦੀ ਤੋਰ ‘ਚੋਂ
ਕਿਸੇ ਨਰਤਕੀ ਦੇ ਨਿਰਤ ਦੀ ਲੋਰ ‘ਚੋਂ
ਕਿਸੇ ਵੀਣਾ ਦੇ ਸੰਗੀਤ ‘ਚੋਂ
ਕਿਸੇ ਹਜੂਮ ਦੇ ਸ਼ੋਰ ‘ਚੋਂ !
ਤੂੰ ਮਿਲੀਂ ਭਾਵੇਂ
ਕਿਸੇ ਅਭਿਲਾਸ਼ੀ ਦੀ ਅੱਖ ਦਾ ਅੱਥਰੂ ਬਣ
ਕਿਸੇ ਸਾਧਕ ਦੇ ਧਿਆਨ ਦਾ ਚਖਸ਼ੂ ਬਣ
ਕਿਸੇ ਮਠ ਦੇ ਗੁੰਬਦ ਦੀ ਗੂੰਜ ਬਣ
ਜਾਂ ਰਾਸਤਾ ਲੱਭਦੀ ਕੂੰਜ ਬਣ
ਤੂੰ ਮਿਲੀਂ ਜਰੂਰ
ਮੈਂ ਤੈਨੂੰ ਪਹਿਚਾਣ ਲਵਾਂਗੀ !
4 comments:
ਸੁਰਜੀਤ ਜੀ,
ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਅੱਖਰ-ਅੱਖਰ ਪਰੋਇਆ ਹੈ...
ਚਿੱਟੇ ਦੁੱਧ ਚਾਨਣ ਦੀ ਸਬਾਤ ਬਣ..."ਸਬਾਤ" ਸ਼ਬਦ ਦਾ ਵਧੀਆ ਪ੍ਰਯੋਗ...
ਮਲਏ ਪਰਬਤ ਤੋਂ ਆਉਂਦੀਆਂ ਪੌਣਾਂ....ਵਾਹ
ਨਜ਼ਰ ‘ਚ ਉਠਦਾ ਉਬਾਲ ...
ਦਿਲ ਨੂੰ ਛੂਹ ਗਈ ਤੁਹਾਡੀ ਇਹ ਕਵਿਤਾ।
ਹਰਦੀਪ
http://punjabivehda.wordpress.com
आप अपनी रचनाओं को गुरमुखी के अलावा देव -नागरी में भी लिखें ,एक सेतु बनेगा हमारे आपके बीच ,पंजाबी -हिंदी के बीच .
Haan ji devnagri mein bhi hain kuchh poems mere third blog par jiska link mere sare blogs par hai- surjit-kaur@blogspot.com. Thanks for your suggestion.
Surjit.
hun te ko'ii thaan nahin bachii lukan layi,mausoof kolon!!!
khoobsoorat lafzaan di tarteeb,hasaasyat naal labrez;
a master-piece
Post a Comment