ਪਰਿਕਰਮਾ
( Dedicated to A Meditation Retreat to Sedona, Arizona)
ਘਰ ਤੋਂ ਦੂਰ
ਸ਼ਹਿਰ ਤੋਂ ਦੂ੍ਰ
ਰੇਗਿਸਤਾਨੀ ਇਹ ਥਾਂ ਸੀ
ਬਹੁਤ ਚਿਰਾਂ ਤੋਂ ਮੇਰੀਆਂ ਸੋਚਾਂ 'ਚ
ਉਭਰਦਾ ਇਸਦਾ ਨਾਂ ਸੀ ...
ਸਜਦਾ ਇਸ ਨੂੰ ਕਰਨ ਲਈ
ਮੈਂ ਰਾਹਾਂ ਮੋਢੇ ਧਰ ਲਈਆਂ
ਕੋਹਾਂ ਮੀਲਾਂ ਦੇ ਪੈਂਡੇ ਦੀਆਂ
ਉਂਗਲਾਂ ਮੈਂ ਫੜ ਲਈਆਂ...
ਖੂਬਸੂਰਤ ਸਵਾਰੋਆਂ ਨੇ
ਬਾਹਾਂ ਉਤੇ ਚੁੱਕੀਆਂ
ਪੌਲੀਆਂ ਦੇ ਬੂਟਿਆਂ ਨੇ
ਖੈਰਾਂ ਮੈਥੋਂ ਪੁੱਛੀਆਂ...
ਉਡ ਉਡ ਮਿੱਟੀ ਮੈਨੂੰ
ਕਲਾਵੇ ਵਿਚ ਲੈਂਦੀ ਸੀ
ਆਪਣੀ ਜਿਹੀ ਲਗਦੀ ਸੀ
ਜਦ ਅੱਖਾਂ ਵਿਚ ਪੈਂਦੀ ਸੀ...
ਕੋਸੀ ਕੋਸੀ ਧੁੱਪ ਦਾ
ਇਹੋ ਜਿਹਾ ਨਿੱਘ ਮੈਂ
ਪਹਿਲੀ ਵੇਰ ਮਾਣਿਆ
ਕੁਦਰਤ ਦੇ ਏਸ ਰਹੱਸ ਨੂੰ
ਮੇਰੇ ਪਿੰਡੇ ਨੇ ਪਹਿਲੀ ਵੇਰ ਜਾਣਿਆ...
ਥੋਹਰਾਂ ਕੰਡਿਆਲੀਆਂ ਨੇ
ਮਨ ਮੇਰਾ ਮੋਹ ਲਿਆ
ਪਥਰੀਲੀਆਂ ਰਾਹਾਂ ਨੇ
ਮੈਥੋਂ ਵਜੂਦ ਮੇਰਾ ਖੋਹ ਲਿਆ...
ਕਰਦਾ ਸੀ ਜੀਅ ਮੇਰਾ
ਤੁਰੀ ਜਾਵਾਂ
ਬਸ ਤੁਰੀਂ ਜਾਵਾਂ
ਰਾਹਾਂ ਨਾ ਮੁੱਕਣ ਇਹ
ਮੈਂ ਰਾਹਾਂ ਵਿਚ ਮੁੱਕ ਜਾਵਾਂ...
ਇਸ ਲਾਲ ਧਰਤੀ ਦਾ
ਜ਼ਰਾ ਜ਼ਰਾ
ਕੁਛ ਕੁਛ ਕਹਿੰਦਾ ਸੀ
ਤੱਰਿਆਂ ਭਰਿਆ ਆਕਾਸ਼
ਮੇਰੇ ਨੇੜੇ
ਢੁੱਕ ਢੁਕ ਬਹਿੰਦਾ ਸੀ ...
ਸਪਤ ਰਿਸ਼ੀਆਂ ਦੀ ਵਹਿੰਗੀ
ਸੀ ਸਦੀਆਂ ਬਾਅਦ ਤੱਕੀ ਮੈਂ
ਇੰਨਾ ਸੁਹਣਾ ਚੰਨ ਸੀ ਕਿ
ਰਹੀ ਹੱਕੀ ਬੱਕੀ ਮੈਂ...
ਧਰਤੀ ਮੈਂ ਹੇਠਾਂ ਡਾਹੀ
ਅੰਬਰ ਮੈਂ ਉਪਰ ਓੜਿਆ
ਸਾਰੇ ਤਾਰਿਆਂ ਨੂੰ ਮੈਂ
ਉਂਗਲਾਂ ਘੁਮਾ ਘੁਮਾ ਜੋੜਿਆ...
ਧਰਤੀ
ਮੈਂ
ਤੇ ਅੰਬਰ
ਤਿੰਨੇ ਇਕ ਮਿਕ ਸਾਂ
ਕਰਦਾ ਸੀ ਦਿਲ ਮੇਰਾ
ਬਸ ਇੱਥੇ ਹੀ ਟਿਕ ਜਾਂ
ਇਹ ਕਿਹੋ ਜਿਹੀ ਸਾਧਨਾ ਸੀ
ਕਿਹੋ ਜਿਹਾ ਕਰਮਾ
ਮਿੱਟੀ ਨੂੰ ਛੂਹ ਕੀਤੀ
ਮੈਂ ਬ੍ਰਹਿਮੰਡ ਦੀ ਪਰਿਕਰਮਾ...!!!
Picture of Saguaro Cactus (ਸਵਾਰੋ --ਤਸਵੀਰ ਵਿਚਲੇ ਕੈਕਟਸ ਨੂੰ ਕਹਿੰਦੇ ਹਨ )
3 comments:
ਬਹੁਤ ਹੀ ਸੋਹਣੀ ਕਵਿਤਾ....
ਮਾਰੂਥਲ ਦਾ ਸੋਹਣਾ ਸ਼ਬਦ ਚਿੱਤਰਣ ਪਹਿਲੀ ਵਾਰ ਪੜ੍ਹਿਆ..
ਇਹਨਾਂ ਸਤਰਾਂ ਨੇ ਮਨ ਮੋਹ ਲਿਆ ...
ਉਡ ਉਡ ਮਿੱਟੀ ਮੈਨੂੰ
ਕਲਾਵੇ ਵਿਚ ਲੈਂਦੀ ਸੀ
ਆਪਣੀ ਜਿਹੀ ਲਗਦੀ ਸੀ
ਜਦ ਅੱਖਾਂ ਵਿਚ ਪੈਂਦੀ ਸੀ...
ਸੋਹਣੀ ਕਵਿਤਾ ਲਈ ਵਧਾਈ !
ਹਰਦੀਪ
वैसे तो पूरी कविता ही परिमार्जित और भावपूर्ण है , किन्तु यह नवल कल्पना तो मन को छू गई-
ਧਰਤੀ
ਮੈਂ
ਤੇ ਅੰਬਰ
ਤਿੰਨੇ ਇਕ ਮਿਕ ਸਾਂ
ਕਰਦਾ ਸੀ ਦਿਲ ਮੇਰਾ
ਬਸ ਇੱਥੇ ਹੀ ਟਿਕ ਜਾਂ
ਬਲ ਰਿਹੈ ਦੀਵਾ, ਜਲ ਰਹੀ ਸੋਚ ਕੋਈ,
ਜਾਗਣਗੇ ਹਰਫ਼ ਕੁੱਛ, ਬਣੇਗਾ ਨਜ਼ਮ ਕੋਈ,
ਬਲ ਦੀਵਿਆ ਬਲ । ਸੁਰਜੀਤ ਤੁਸੀਂ ਕਵੀ ਲੋਕ ਕਿਨੀ ਉੱਚੀ ਉਡਾਰੀ ਮਾਰ ਜਾਂਦੇ ਹੋ, ਸੋਚ ਜਰਬਾਂ ਖਾਕੇ ਵੀ ਬੌਣੀ ਹੋ ਨਿਬੜਦੀ ਐ । ਬਹੁਤ ਹੀ ਮਾਰ੍ਹਕੇ ਦੀ ਗੱਲ ਕਰਤੀ ਬੀਬਾ ਜੀ-ਆਮੀਨ
ਵਕੀਲ ਕਲੇਰ
29 ਸਤੰਬਰ, 2011
Post a Comment