ਬਲ ਦੀਵੜਿਆ

ਬਲ ਰਿਹੈ ਦੀਵਾ
ਜਲ ਰਹੀ ਸੋਚ ਕੋਈ
ਜਾਗਣਗੇ ਹਰਫ਼ ਕੁਛ
ਬਣੇਗੀ ਨਜ਼ਮ ਕੋਈ
ਬਲ ਦੀਵੜਿਆ ਬਲ !!


The woods are lovely dark and deep
But I have promises to keep
And miles to go before I sleep
And miles to go before I sleep



Monday, January 16, 2012

ਓ 'ਮੇਰੀ ਰੂਹ ਕੀ ਸਖੀ'

ਜਦ ਵੀ ਤੂੰ ਆਉਂਦੀਓਂ
ਆਮ ਜਿਹਾ ਦਿਨ ਖਾਸ ਬਣ ਜਾਂਦਾ !
ਆਪਾਂ ਗੱਲਾਂ ਦੀਆਂ ਪੂਣੀਆਂ ਕੱਤਦੀਆਂ
ਹਾਸਿਆਂ ਦੇ ਗਲੋਟੇ ਲਾਹੁੰਦੀਆਂ
ਗੀਤ ਪੱਛੀ ਧਰਦੀਆਂ
ਪੁਰਾਣੀਆਂ ਯਾਦਾਂ ਦੇ ਤੰਦ ਪਾਉਂਦੀਆਂ !

ਤੂੰ ਪੁੱਛਦੀਓਂ -
'ਤੈਨੂੰ ਉਹ ਸਰਾਇਕੀ ਗੀਤ ਆਉਂਦੈ'-
ਮੈਂ ਕਹਿੰਦੀ -'ਤੂੰ ਛੋਹ ਤੇ ਸਹੀ'
ਤੇ ਮੈਂ ਤੇਰੇ ਸੁਰਾਂ ਵਿਚ ਸੁਰ ਮਿਲਾ ਦਿੰਦੀ !

ਫਿਰ ਮੇਰੀ ਹੇਕ ਨਾਲ ਹੇਕ ਮਿਲਾ
ਅਸੀਂ ਦੋਵੇਂ
ਸੁਹਾਗ ਦੇ ਬੋਲਾਂ 'ਚ ਗੁਆਚ ਜਾਂਦੀਆਂ-
'ਨਿੱਕੀ ਜਿੰਨੀ ਸੂਈ
ਵੱਟਵਾਂ ਧਾਗਾ
ਬੈਠ ਕਸੀਦਾ ਕੱਢ ਰਹੀ ਹਾਂ
ਆਉਂਦੇ ਜਾਂਦੇ ਰਾਹੀ ਪੁੱਛਦੇ
ਤੂੰ ਕਿਉਂ ਬੀਬਾ ਰੋ ਰਹੀ ਆਂ ' !

ਅਚਾਨਕ ਇਕ ਚੁਪ ਪਸਰਦੀ
ਤੇਰੇ ਬੁੱਲਾਂ ਤੇ ਜਜ਼ਬਾਤ ਉਭਰਦੇ,
'ਮੇਰੇ ਅੱਬੂ ਵਿਚਾਰੇ
ਹੁਣ ਤਾਂ ਬੁੱਢੇ ਹੋ ਗਏ
ਅੰਮੀ ਦੇ ਫੌਤ ਹੋ ਜਾਣ ਤੋਂ ਬਾਦ
ਕਿੰਨੇ 'ਕਲੇ ਵੀ !'

ਮੇਰੀਆਂ ਅੱਖੀਆਂ ਦੇ ਕੋਇਆਂ ਵਿਚ
ਕੁਝ ਜਲਣ ਲਗਦਾ
ਤੂੰ ਝਟ ਦੇਣੀ ਆਖਦੀ-
'ਚੱਲ ਸਮੁੰਦਰ ਕੰਢੇ ਚੱਲੀਏ !'

ਝੀਲਾਂ ਰੁਖ ਪਰਬਤ
ਫੁਲ ਪੱਤੀਆਂ ਤੇ ਤਿਤਲੀਆਂ
ਜਲੰਧਰ ਅਮ੍ਰਿਤਸਰ
ਲਾਹੌਰ ਤੇ ਇਸਲਾਮਾਬਾਦ
ਪਤਾ ਨਹੀਂ ਅਸੀਂ
ਕਿਹੜੇ ਵਹਿਣਾਂ ਵਿਚ ਵਹਿ
ਕਿੱਥੇ ਕਿੱਥੇ ਸੈਰ ਕਰ ਆਉਂਦੀਆਂ
ਆਪਣੇ ਚੁਗਿਰਦੇ ਤੋਂ ਅਭਿੱਜ
ਜਿਵੇਂ ਦੁਨੀਆਂ ਵਿਚ
ਆਪਾਂ ਹੋਈਏ 'ਕੱਲੀਆਂ !

ਤੂੰ ਗਜ਼ਲਾਂ ਸੁਣਾਂਉਂਦੀ
ਮੇਰੀਆਂ ਨਜ਼ਮਾਂ ਸੁਣਦੀ
ਅਚਾਨਕ ਆਖਦੀ
ਕਿੰਨੀਆਂ ਗਜ਼ਲਾਂ ਦੇ ਬੋਲ
ਲੈ ਜਾਂਦੀ ਹਾਂ ਤੇਰੇ ਕੋਲੋਂ

ਖੌਰੇ ਕਿੰਨੀਆਂ ਨਜ਼ਮਾਂ ਛੱਡ ਗਈ ਏਂ
ਮੇਰੇ ਕੋਲ
ਜੋ ਅਜ ਤਕ
ਮੈਂ ਲਿਖੀ ਜਾ ਰਹੀ ਹਾਂ !

ਬਸ ਲਿਖੀ ਜਾ ਰਹੀ ਹਾਂ
ਓ "ਮੇਰੀ ਰੂਹ ਕੀ ਸਖੀ" !

No comments: