(ਹਾਦਸੇ ਤੋਂ ਬਾਅਦ)
ਹੰਸੂ ਹੰਸੂ ਕਰਦੀ ਕੁੜੀ
ਹਾਸੇ ਦੀ ਛਣਕਾਰ ਗੁਆਕੇ
ਜਦ ਪਰਤੀ
ਉਸਦੇ ਸਿਰ 'ਤੇ
ਸੁੱਕਾ ਘਾਹ ਉਗ ਚੁੱਕਿਆ ਸੀ
ਉਸਦੇ ਨੈਣ ਸਿਰਫ☬☬ ਤੱਕਦੇ ਸਨ !
ਆਪਣੀਆਂ ਟੁੱਟੀਆਂ ਬਾਹਾਂ
ਆਪਣੇ ਗਲ ਵਿਚ ਪਾਕੇ ਸੋਚਦੀ ਹੈ
ਕਾਸ਼ !
ਜ਼ਿੰਦਗੀ ਉਸ ਮਹਿਬੂਬ ਦੇ
ਖ਼ਤ ਜਿਡੀ ਹੁੰਦੀ
ਜਿਸਦਾ ਚਿਹਰਾ
ਉਸ ਕਦੇ
ਬਚਪਨ ਵਿਚ ਕਿਆਸਿਆ ਸੀ
ਪਰ ਉਸਨੂੰ ਲੱਭ ਨਾ ਸਕਿਆ !
ਹਾਸੇ ਦੀ ਛਣਕਾਰ ਵਰਗੀ ਕੁੜੀ
ਬੁਝੀ ਬੁਝੀ
ਅੱਕੀ ਥੱਕੀ
ਬੰਜਰ ਸੋਚਾਂ-
ਕਦੇ ਉਹ ਵੀ ਨਹੀਂ-
ਆਪਣੇ ਹੱਥਾਂ ਨੂੰ ਲੱਭਦੀ ਹੈ
ਹੱਥ ਕਿ
ਜਿਨ੍ਹਾਂ ਤੇ ਕਦੇ
ਉਸਦੀ ਕਿਸਮਤ ਦੀਆਂ
ਰੇਖਾਵਾਂ ਉਕਰੀਆਂ ਸਨ !
ਕਦੇ
ਆਪਣੀਆਂ ਟੁੰਡੀਆਂ ਲੱਤਾਂ ਨੂੰ
ਵੇਖਦੀ ਹੈ
ਜਿਨਾਂ 'ਤੇ ਬਹੁਤ ਪਹਿਲਾਂ
ਉਸਦੇ ਪੈਰ ਉਗੇ ਸਨ !
ਅਜ ਜਦ ਉਹ ਕੁੜੀ
ਘਰ ਪਰਤੀ
ਉਸਦੇ ਧੜ 'ਤੋਂ
ਉਸਦਾ ਸਿਰ ਵੀ ਗਾਇਬ ਸੀ !
ਹੁਣ ਉਹ ਕੁੜੀ
ਮੋਏ ਹੋਏ ਮਾਂ ਜਾਏ ਦੇ
ਸਿਰਹਾਣੇ ਬੈਠੀ ਭੈਣ ਦੀ
ਚੁੱਪ ਸੀ !
ਸਿਰਫ ਇਕ ਚੁੱਪ !
(ਸ਼ਿਕਸਤ ਰੰਗ)
2 comments:
ਸੁਰਜੀਤ ਜੀ! ਬਲੌਗ ਜਗਤ ਵਿਚ ਜੀਅ ਆਇਆਂ ਨੂੰ।
ਆਪਣੀਆਂ ਟੁੱਟੀਆਂ ਬਾਹਾਂ
ਆਪਣੇ ਗਲ਼ ਵਿਚ ਪਾਕੇ ਸੋਚਦੀ ਹੈ
ਕਾਸ਼ !
ਜ਼ਿੰਦਗੀ ਉਸ ਮਹਿਬੂਬ ਦੇ
ਖ਼ਤ ਜਿਡੀ ਹੁੰਦੀ
ਜਿਸਦਾ ਚਿਹਰਾ
ਉਸ ਕਦੇ
ਬਚਪਨ ਵਿਚ ਕਿਆਸਿਆ ਸੀ
ਪਰ ਉਸਨੂੰ ਲੱਭ ਨਾ ਸਕਿਆ !
ਖ਼ੂਬਸੂਰਤ ਨਜ਼ਮ। ਮੁਬਾਰਕਾਂ।
ਸਾਡੇ ਭਾਜੀ ਕੁੱਦੋਵਾਲ ਸਾਹਿਬ ਦਾ ਬਲੌਗ ਕਦੋਂ ਬਣਾ ਰਹੇ ਓਂ??? :)
ਮੋਹ ਨਾਲ਼
ਤਨਦੀਪ ਤਮੰਨਾ
ਸਰੀ, ਕੈਨੇਡਾ
ਤਨਦੀਪ ਜੀ ਬਹੁਤ ਬਹੁਤ ਧੰਨਵਾਦ ! ਇਹ ਸਭ ਕੁਛ ਤੁਹਾਡੀ ਬਦੌਲਤ ਹੀ ਸੰਭਵ ਹੋ ਸਕਿਆ ਹੈ ! ਛੇਤੀ ਹੀ ਤੁਹਾਡੇ ਭਾਜੀ ਦਾ ਵੀ ਬਲੌਗ ਤਿਆਰ ਹੋ ਰਿਹਾ ਹੈ ! ਨਡਮ ਪਸੰਦ ਕਰਨ ਲਈ ਵੀ ਸ਼ੁਕਰੀਆ !
Post a Comment