ਪਾਣੀ ਤੇ ਪਈ ਲੀਕ ਵਾਂਗ
ਆਈ ਹਰ ਸਵੇਰ
ਰੇਤ ਤੇ ਲਿਖੇ ਅੱਖਰਾਂ ਵਰਗੇ
ਹੁੰਦੇ ਰਹੇ ਨੇ ਦਿਨ
ਸ਼ਾਮ ਹੁੰਦਿਆਂ ਹੀ
ਹਨੇਰੇ 'ਚ ਸਿਮਟ ਜਾਂਦੇ ਨੇ ਰੰਗ
ਜ਼ਿੰਦਗੀ ਹਰ ਸਮਾਂ
ਸ਼ਿਕਸਤ-ਰੰਗ ਹੁੰਦੀ ਏ !
ਬੁਝੇ ਹੋਏ ਦੀਵੇ ਦੀ ਤਰ੍ਹਾਂ
ਖੰਡਰਾਂ 'ਚ ਮਲਬੇ ਦੇ ਢੇਰ ਹੇਠਾਂ
ਦੱਬੇ ਰਹੇ ਪੜਾਅ
ਧੋ ਹੋਏ ਨਾ ਸਰਾਪ
ਲੱਖਾਂ ਮੌਸਮ ਬਰਸਾਤ ਦੇ ਵੀ ਆਏ !
ਕੂਲੀ ਰਿਸ਼ਮ ਵਰਗਾ
ਜੋ ਪਲ ਸੀ ਮਿਲਿਆ
ਤਪਦੇ ਸੂਰਜ ਵਾਂਗ
ਮੱਥੇ 'ਚ ਵੱਜਦਾ ਰਿਹੈ
ਸਾਰੀ ਉਮਰ ਜਿਸਦੇ ਤਾਪ ਨਾਲ
ਵਿਹੜਾ ਭੁੱਜਦਾ ਰਿਹੈ !
ਦਿਸ਼ਾ ਬਦਲੇ
ਸਮਾਂ ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮੱਥੇ 'ਚ ਹਰ ਦਮ
ਸੋਚਾਂ ਦਾ ਯੁ੍ਧ ਚੱਲਦਾ ਰਿਹੈ !
ਸੁਣਦੇ ਸੀ
ਪਲਾਂ ਛਿਨਾਂ ਦੀ ਹੈ ਜ਼ਿੰਦਗੀ
ਚੱਲਦੇ ਚੱਲਦੇ ਹੰਭ ਗਈ
ਮਿਲਿਆ ਨਾ ਉਹ ਮੁਕਾਮ
ਸੋਚਾਂ ਨੂੰ ਜਿਥੇ
ਰਾਹਤ ਕਦੇ ਮਿਲਦੀ !!
ਆਪਣੇ ਹੀ ਅੰਦਰ ਕੈਦ ਹਾਂ ਧੁਰ ਤੋਂ
ਇਸ ਕੈਦ ਦੀ ਕੋਈ ਬਾਰੀ
ਬਾਹਰ ਨਹੀਂ ਖੁੱਲਦੀ
ਕੋਈ ਨਵਾਂ ਸੂਰਜ
ਕੋਈ ਨਵਾਂ ਚਾਨਣ
ਮੱਥੇ 'ਚ ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
ਈਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਨੂੰ ਕਿਉਂ ਨਹੀਂ ਮਿਲਦੀ !
1 comment:
ਦਿਸ਼ਾ ਬਦਲੇ
ਸਮਾਂ ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮੱਥੇ 'ਚ ਹਰ ਦਮ
ਸੋਚਾਂ ਦਾ ਯੁ੍ਧ ਚੱਲਦਾ ਰਿਹੈ !
ਧੁਰ ਅੰਦਰ ਤੱਕ ਉਤਰ ਗਈਆਂ ਇਹ ਸਤਰਾਂ.........
ਸੱਚੀਂ ਸੋਚਾਂ ਦਾ ਯੁੱਧ ਤਾਂ ਸਦਾ ਹੀ ਚਲਦਾ ਰਹਿੰਦਾ ਹੈ!
Post a Comment